ਕੋਵਿਡ ਸਾਲ 'ਚ ਬੈਂਕ ਇੰਡਸਟਰੀ ਨੂੰ 1 ਲੱਖ ਕਰੋੜ ਰੁਪਏ ਦਾ ਰਿਕਾਰਡ ਮੁਨਾਫਾ
Saturday, Jun 26, 2021 - 01:11 PM (IST)
ਮੁੰਬਈ- ਪਿਛਲੇ ਵਿੱਤੀ ਸਾਲ ਜਿੱਥੇ ਇਕਨੋਮੀ ਮਹਾਮਾਰੀ ਸੰਕਟ ਨਾਲ ਜੂਝ ਰਹੀ ਸੀ, ਉੱਥੇ ਹੀ ਬੈਂਕਿੰਗ ਇੰਡਸਟਰੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਸਫਲ ਰਹੀ। ਵਿੱਤੀ ਸਾਲ 2020-21 ਵਿਚ ਬੈਂਕਿੰਗ ਇੰਡਸਟਰੀ ਨੇ 1,02,252 ਕਰੋੜ ਦਾ ਮੁਨਾਫਾ ਦਰਜ ਕੀਤਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਇਹ ਵਿੱਤੀ ਸਾਲ 2019 ਵਿਚ ਇੰਡਸਟਰੀ ਨੂੰ ਹੋਏ ਲਗਭਗ 5,000 ਕਰੋੜ ਰੁਪਏ ਦੇ ਨੁਕਸਾਨ ਦੇ ਮੁਕਾਬਲੇ ਵੀ ਇਕ ਮਹੱਤਵਪੂਰਨ ਤਬਦੀਲੀ ਹੈ।
ਇੰਡਸਟਰੀ ਦੇ ਮੁਨਾਫੇ ਵਿਚ ਅੱਧਾ ਯੋਗਦਾਨ ਦੋ ਬੈਂਕਾਂ- ਐੱਚ. ਡੀ. ਐੱਫ. ਸੀ. ਬੈਂਕ ਤੇ ਐੱਸ. ਬੀ. ਆਈ. ਦਾ ਰਿਹਾ। ਬੈਂਕਿੰਗ ਇੰਡਸਟਰੀ ਦੇ ਕੁੱਲ ਮੁਨਾਫੇ ਵਿਚ 31,116 ਕਰੋੜ ਰੁਪਏ ਦੀ ਕਮਾਈ ਨਾਲ ਐੱਚ. ਡੀ. ਐੱਫ. ਸੀ. ਬੈਂਕ ਦਾ ਯੋਗਦਾਨ 30 ਫ਼ੀਸਦੀ, ਜਦੋਂ ਕਿ 16,192 ਕਰੋੜ ਦੀ ਕਮਾਈ ਨਾਲ ਐੱਸ. ਬੀ. ਆਈ. ਦਾ ਯੋਗਦਾਨ 20 ਫ਼ੀਸਦੀ ਰਿਹਾ। ਇਸ ਮਾਮਲੇ ਵਿਚ ਤੀਜਾ ਸਭ ਤੋਂ ਵੱਡਾ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਰਿਹਾ, ਜਿਸ ਨੇ 16,192 ਕਰੋੜ ਦੀ ਕਮਾਈ ਕੀਤੀ, ਜੋ ਇਸ ਦੀ ਇਸ ਤੋਂ ਪਿਛਲੇ ਸਾਲ ਦੀ ਕਮਾਈ ਨਾਲੋਂ ਦੁੱਗਣੀ ਹੈ। ਨਿੱਜੀ ਬੈਂਕਾਂ ਦੀ ਬਾਜ਼ਾਰ ਹਿੱਸੇਦਾਰੀ ਵਿਚ ਵੀ ਵਾਧਾ ਹੋਇਆ ਕਿਉਂਕਿ ਸਰਕਾਰੀ ਬੈਂਕਾਂ ਦੀ ਕਰਜ਼ ਦੇਣ ਦੀ ਰਫ਼ਤਾਰ ਹੌਲੀ ਸੀ।
ਸਭ ਤੋਂ ਵੱਡੀ ਤਬਦੀਲੀ ਸਰਕਾਰੀ ਬੈਂਕਾਂ ਦੇ ਪ੍ਰਦਰਸ਼ਨ ਵਿਚ ਇਹ ਦੇਖਣ ਨੂੰ ਮਿਲੀ ਕਿ ਇਨ੍ਹਾਂ ਨੇ ਪੰਜ ਸਾਲਾਂ ਵਿਚ ਪਹਿਲੀ ਵਾਰ ਸਮੂਹਿਕ ਤੌਰ 'ਤੇ ਸ਼ੁੱਧ ਮੁਨਾਫਾ ਦਰਜ ਕੀਤਾ ਹੈ। 12 ਸਰਕਾਰੀ ਬੈਂਕਾਂ ਵਿਚੋਂ ਸਿਰਫ ਦੋ ਬੈਂਕਾਂ- ਪੰਜਾਬ ਐਂਡ ਸਿੰਧ ਬੈਂਕ ਅਤੇ ਸੈਂਟਰਲ ਬੈਂਕ ਆਫ ਇੰਡੀਆ ਨੂੰ ਇਸ ਸਾਲ ਘਾਟਾ ਪਿਆ ਹੈ। ਉੱਥੇ ਹੀ, ਨਿੱਜੀ ਖੇਤਰ ਵਿਚ ਯੈੱਸ ਬੈਂਕ 3,462 ਕਰੋੜ ਰੁਪਏ ਦੇ ਨੁਕਸਾਨ ਨਾਲ ਘਾਟੇ ਵਿਚ ਬਣਿਆ ਹੋਇਆ ਹੈ। ਹਾਲਾਂਕਿ, ਘਾਟੇ ਵਾਲੀਆਂ ਬੈਂਕਾਂ ਦੇ ਨੁਕਸਾਨ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਏ ਹਨ। ਬੈਡ ਲੋਨ ਦੀ ਸਮੱਸਿਆ ਘੱਟ ਹੋਣ ਨਾਲ ਸਰਕਾਰੀ ਬੈਂਕਾਂ ਨੂੰ ਫਾਇਦਾ ਮਿਲਿਆ।