ਹੁਣ ਡਿਊਟੀ ਫ੍ਰੀ ਇੰਪੋਰਟ ਕਰ ਸਕੋਗੇ ਨਸਲੀ ਘੋੜੇ, ਸਰਕਾਰ ਨੇ ਦਿੱਤਾ ਤੋਹਫਾ

02/04/2020 9:58:27 AM

ਨਵੀਂ ਦਿੱਲੀ— ਇੰਪੋਰਟਡ ਘੋੜੇ ਦੇ ਸ਼ੌਕੀਨਾਂ ਖਾਸਕਰ ਰੇਸਿੰਗ ਫ੍ਰੈਂਚਾਇਜ਼ੀ ਤੇ ਸਟੱਡ ਫਾਰਮ ਬਿਜ਼ਨਸ ਮਾਲਕਾਂ ਲਈ ਗੁੱਡ ਨਿਊਜ਼ ਹੈ। ਪ੍ਰਜਨਨ ਲਈ ਨਸਲੀ ਘੋੜੇ ਦਰਾਮਦ ਕਰਨ 'ਤੇ ਇੰਪੋਰਟ ਡਿਊਟੀ ਜ਼ੀਰੋ ਕਰ ਦਿੱਤੀ ਗਈ ਹੈ। ਇਕ ਕਸਟਮ ਡਿਊਟੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਨਸਲੀ ਘੋੜਿਆਂ ਦੀ ਦਰਾਮਦ 'ਤੇ ਮੌਜੂਦਾ 30 ਫੀਸਦੀ ਡਿਊਟੀ ਵਿੱਤੀ ਸਾਲ 2020-21 'ਚ ਹਟਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਵਾਂ ਵਿੱਤੀ ਸਾਲ ਅਪ੍ਰੈਲ 'ਚ ਸ਼ੁਰੂ ਹੋਵੇਗਾ।


ਬੀਤੇ ਸ਼ਨੀਵਾਰ ਲੋਕ ਸਭਾ 'ਚ ਵਿੱਤੀ ਸਾਲ 2020-21 ਲਈ ਪੇਸ਼ ਕੀਤੇ ਗਏ ਬਜਟ 'ਚ ਨਸਲੀ ਘੋੜਿਆਂ ਦੀ ਦਰਾਮਦ 'ਤੇ ਜ਼ੀਰੋ ਫੀਸਦੀ ਇੰਪੋਰਟ ਡਿਊਟੀ ਦੀ ਘੋਸ਼ਣਾ ਕੀਤੀ ਗਈ ਸੀ।

ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਉਹ ਘੋੜੇ ਇੰਪੋਰਟ ਕਰਨ ਦੀ ਮਨਜ਼ੂਰੀ ਦਿੰਦਾ ਹੈ, ਜਿਨ੍ਹਾਂ ਦਾ ਇਸਤੇਮਾਲ ਰੇਸਿੰਗ ਘੋੜਿਆਂ ਦੇ ਪ੍ਰਜਨਨ ਲਈ ਕੀਤਾ ਜਾਂਦਾ ਹੈ। ਹਾਲਾਂਕਿ, ਇੰਪੋਰਟਡ ਘੋੜਿਆਂ ਨੂੰ ਰੇਸਿੰਗ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ, ਸਿਰਫ ਨਸਲ ਦੇਣ ਲਈ ਵਰਤੇ ਜਾ ਸਕਦੇ ਹਨ।

ਭਾਰਤ 'ਚ ਘੋੜ ਦੌੜ ਖਾਸਕਰ ਮੁੰਬਈ ਤੇ ਬੇਂਗਲੁਰੂ 'ਚ ਪ੍ਰਸਿੱਧ ਹੈ। ਮੌਜੂਦਾ ਸਮੇਂ ਇਸ ਕਾਰੋਬਾਰ ਨਾਲ ਜੁੜੀ ਇੰਡਸਟਰੀ ਪ੍ਰਜਨਨ ਲਈ ਪ੍ਰਮੁੱਖ ਤੌਰ 'ਤੇ ਯੂ. ਕੇ. ਅਤੇ ਆਇਰਲੈਂਡ ਤੋਂ ਘੋੜੇ ਦਰਾਮਦ ਕਰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਚੰਗੀ ਨਸਲ ਦੇ ਦੌੜਾਕ ਘੋੜੇ ਪੈਦਾ ਕਰਨ 'ਚ ਮਦਦ ਮਿਲ ਸਕਦੀ ਹੈ, ਜਿਸ ਨਾਲ ਮਲੇਸ਼ੀਆ ਤੇ ਵੀਅਤਨਾਮ ਵਰਗੇ ਬਾਜ਼ਾਰਾਂ 'ਚ ਮੁਕਾਬਲੇਬਾਜ਼ੀ ਕਰਨੀ ਸੌਖੀ ਹੋਵੇਗੀ।


Related News