ਭਾਰਤ ’ਚ ਸੋਨੇ ਦੀ ਦਰਾਮਦ 24 ਫੀਸਦੀ ਘਟੀ, ਇਸ ਕਾਰਨ ਵਧਿਆ ਚਾਂਦੀ ਦਾ ਆਯਾਤ
Monday, May 08, 2023 - 09:43 AM (IST)
ਨਵੀਂ ਦਿੱਲੀ (ਭਾਸ਼ਾ) – ਸੰਸਾਰਿਕ ਆਰਥਿਕ ਬੇਨਿਯਮੀਆਂ ਕਾਰਨ ਭਾਰਤ ਦੇ ਸੋਨੇ ਦੀ ਦਰਾਮਦ 2022-23 ਵਿਚ 24.15 ਫੀਸਦੀ ਘੱਟ ਕੇ 35 ਅਰਬ ਡਾਲਰ ਰਹੀ ਹੈ। ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਨਾਲ ਪਿਛਲੇ ਵਿੱਤ ਸਾਲ ਭਾਵ 2021-22 ਵਿਚ ਪੀਲੀ ਧਾਤੂ ਦੀ ਦਰਾਮਦ 46.2 ਅਰਬ ਡਾਲਰ ਰਹੀ ਸੀ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਔਰਤ ਨੂੰ ਬਿੱਛੂ ਨੇ ਮਾਰਿਆ ਡੰਗ, ਨਾਗਪੁਰ ਤੋਂ ਮੁੰਬਈ ਜਾ ਰਹੀ ਸੀ ਉਡਾਣ
ਅੰਕੜਿਆਂ ਮੁਤਾਬਕ ਅਗਸਤ, 2022 ਤੋਂ ਫਰਵਰੀ, 2023 ਦੌਰਾਨ ਸੋਨੇ ਦੀ ਦਰਾਮਦ ਵਿਚ ਵਾਧਾ ਨਾਕਾਰਾਤਮਕ ਖੇਤਰ ਵਿਚ ਰਿਹਾ। ਮਾਰਚ, 2023 ਵਿਚ ਇਹ ਵਧ ਕੇ 3.3 ਅਰਬ ਅਮਰੀਕੀ ਡਾਲਰ ਹੋ ਗਿਆ, ਜਦਕਿ ਇਕ ਸਾਲ ਪਹਿਲਾਂ ਸਮਾਨ ਮਹੀਨੇ ਵਿਚ ਇਹ ਇਕ ਅਰਬ ਡਾਲਰ ਰਿਹਾ ਸੀ। ਹਾਲਾਂਕਿ ਬੀਤੇ ਵਿੱਤ ਸਾਲ ਵਿਚ ਚਾਂਦੀ ਦੀ ਦਰਾਮਦ 6.12 ਫੀਸਦੀ ਵਧ ਕੇ 5.29 ਅਰਬ ਡਾਲਰ ਤੇ ਪੁੱਜ ਗਈ। ਸੋਨੇ ਦੀ ਦਰਾਮਦ ਵਿਚ ਭਾਰੀ ਗਿਰਾਵਟ ਦੇ ਬਾਵਜੂਦ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ ਵਿਚ ਮਦਦ ਨਹੀਂ ਮਿਲੀ ਹੈ। ਦਰਾਮਦ ਅਤੇ ਬਰਾਮਦ ਦਾ ਅੰਤਰ ਵਪਾਰ ਘਾਟਾ ਕਹਾਉਂਦਾ ਹੈ।
ਵਿੱਤ ਸਾਲ 2022-23 ਵਿਚ ਵਪਾਰ ਘਾਟਾ 267 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ, ਜੋ ਇਸ ਤੋਂ ਪਿਛਲੇ ਵਿੱਤ ਸਾਲ ਵਿਚ 191 ਅਰਬ ਡਾਲਰ ਰਿਹਾ ਸੀ। ਉਦਯੋਗ ਮਾਹਰਾਂ ਮੁਤਾਬਕ ਸੋਨੇ ’ਤੇ ਉੱਚੀ ਦਰਾਮਦ ਚਾਰਜ ਅਤੇ ਸੰਸਾਰਿਕ ਆਰਥਿਕ ਬੇਨਿਯਮੀਅਾਂ ਕਾਰਨ ਪੀਲੀ ਧਾਤੂ ਦੀ ਦਰਾਮਦ ਵਿਚ ਗਿਰਾਵਟ ਆਈ ਹੈ। ਇਕ ਮਾਹਰ ਨੇ ਕਿਹਾ ਕਿ ਭਾਰਤ ਨੇ ਅਪ੍ਰੈਲ-ਜਨਵਰੀ, 2023 ਦੌਰਾਨ ਲਗਭਗ 600 ਟਨ ਸੋਨੇ ਦੀ ਦਰਾਮਦ ਕੀਤੀ। ਉੱਚੀ ਦਰਾਮਦ ਫੀਸ ਕਾਰਨ ਇਹ ਘਟੀ ਹੈ। ਸਰਕਾਰ ਨੂੰ ਘਰੇਲੂ ਉਦਯੋਗ ਦੀ ਮਦਦ ਕਰਨ ਲਈ ਚਾਰਜ ਦੇ ਹਿੱਸੇ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : EV ਚਾਰਜਿੰਗ ਸਟੇਸ਼ਨ ਲਈ ਸਰਕਾਰ ਨੇ ਨਿਰਧਾਰਤ ਕੀਤੇ ਨਿਯਮ, ਬਿਜਲੀ ਦਰਾਂ ਲਈ ਜਾਰੀ ਕੀਤੇ ਇਹ ਆਦੇਸ਼
ਭਾਰਤ ਸੋਨੇ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਸੋਨੇ ਦੀ ਦਰਾਮਦ ਨਾਲ ਦੇਸ਼ ਦੇ ਗਹਿਣੇ ਉਦਯੋਗ ਦੀ ਮੰਗ ਨੂੰ ਪੂਰਾ ਕੀਤਾ ਜਾਂਦਾ ਹੈ। ਮਾਤਰਾ ਦਾ ਲਿਹਾਜ਼ ਨਾਲ ਭਾਰਤ ਸਾਲਾਨਾ 800-900 ਟਨ ਸੋਨੇ ਦੀ ਦਰਾਮਦ ਕਰਦਾ ਹੈ। ਬੀਤੇ ਵਿੱਤ ਸਾਲ 2022-23 ਦੌਰਾਨ ਰਤਨ ਅਤੇ ਗਹਿਣਾ ਦਰਾਮਦ 3 ਫੀਸਦੀ ਘੱਟ ਕੇ ਲਗਭਗ 38 ਅਰਬ ਡਾਲਰ ਰਹੀ ਹੈ। ਚਾਲੂ ਖਾਤੇ ਦੇ ਘਾਟੇ (ਕੈਡ) ’ਤੇ ਪਾਬੰਦੀ ਲਾਉਣ ਲਈ ਸਰਕਾਰ ਨੇ ਪਿਛਲੇ ਸਾਲ ਸੋਨੇ ਦੀ ਦਰਾਮਦ ਫੀਸ 10.75 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਹੁਣ ਹਫ਼ਤੇ ਵਿਚ ਮਿਲੇਗੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਦੀ ਰਾਸ਼ੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।