ਗੁਰਦਾਸਪੁਰ ''ਚ ਫੈਲ ਰਹੀ ਇਹ ਬੀਮਾਰੀ, ਅਕਤੂਬਰ ਸ਼ੁਰੂ ਹੁੰਦਿਆਂ ਹੀ ਵਧਿਆ ਖਤਰਾ, 53 ਮਰੀਜ਼ਾਂ ਦੀ...
Saturday, Oct 04, 2025 - 04:07 PM (IST)

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਡੇਂਗੂ ਨੂੰ ਰੋਕਣ ਲਈ ਕੀਤੇ ਜਾ ਰਹੇ ਕਈ ਯਤਨਾਂ ਦੇ ਬਾਵਜੂਦ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦੇ ਚਲਦਿਆਂ ਇਸ ਸੀਜ਼ਨ ਵਿਚ ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ਅੰਦਰ 53 ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਕੁਝ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਰ ਸਰਕਾਰੀ ਰਿਕਾਰਡ ਵਿਚ ਚਾਹੇ ਲੋਕਾਂ ਦੀ ਗਿਣਤੀ ਸ਼ਾਮਿਲ ਨਹੀਂ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ‘ਚ ਚੱਲੀਆਂ ਗੋਲੀਆਂ, ਕਾਊਂਟਰ ‘ਤੇ ਬੈਠੇ ਨੌਜਵਾਨ ‘ਤੇ ਕੀਤਾ ਹਮਲਾ
ਦੱਸਣਯੋਗ ਹੈ ਕਿ ਪਹਿਲਾਂ ਹੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਿਹਤ ਵਿਭਾਗ ਵੱਲੋਂ ਹਰੇਕ ਸ਼ੁਕਰਵਾਰ ਦਾ ਦਿਨ ਡੇਂਗੂ ’ਤੇ ਵਾਰ ਵਜੋਂ ਡਰਾਈ ਡੇ ਵਜੋਂ ਮਨਾਇਆ ਜਾਂਦਾ ਹੈ, ਜਿਸ ਦੇ ਚਲਦਿਆਂ ਸਿਹਤ ਵਿਭਾਗ ਦੀਆਂ ਤਕਰੀਬਨ 150 ਟੀਮਾਂ ਵੱਲੋਂ ਪੂਰੇ ਜ਼ਿਲੇ ਅੰਦਰ ਵੱਖ-ਵੱਖ ਥਾਈ ਨਾ ਸਿਰਫ ਚੈਕਿੰਗ ਕੀਤੀ ਜਾਂਦੀ ਹੈ ਸਗੋਂ ਲੋਕਾਂ ਨੂੰ ਆਪਣੇ ਘਰਾਂ ਦਫਤਰਾਂ ਅਤੇ ਹੋਰ ਥਾਵਾਂ ’ਤੇ ਖੜ੍ਹੇ ਸਾਫ ਪਾਣੀ ਨੂੰ ਹਫਤੇ ਵਿਚ ਇਕ ਵਾਰ ਸੁਕਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਇਸਦੇ ਬਾਵਜੂਦ ਡੇਂਗੂ ਦਾ ਲਾਰਵਾ ਅਜੇ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਕਾਰਨ ਰੋਜ਼ਾਨਾ ਕਈ ਲੋਕ ਇਸਦੀ ਲਪੇਟ ਵਿਚ ਆ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ’ਚ ਫਿਰ ਛੱਡਿਆ ਪਾਣੀ, ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਅਪੀਲ
ਸਭ ਤੋਂ ਵੱਧ ਅਕਤੂਬਰ ਮਹੀਨੇ ਫੈਲਦਾ ਹੈ ਡੇਂਗੂ
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਡੇਂਗੂ ਫੈਲਣ ਦਾ ਸਭ ਤੋਂ ਪੀਕ ਟਾਈਮ ਚੱਲ ਰਿਹਾ ਹੈ ਕਿਉਂਕਿ ਅਗਸਤ ਦੇ ਤੀਸਰੇ ਹਫਤੇ ਦੇ ਬਾਅਦ ਡੇਂਗੂ ਦਾ ਕਹਿਰ ਵਧਣਾ ਸ਼ੁਰੂ ਹੋ ਜਾਂਦਾ ਹੈ। ਹੁਣ ਮੌਜੂਦਾ ਮੌਸਮ ਡੇਂਗੂ ਆਉਣ ਵਾਲੇ ਮੱਛਰ ਦੇ ਵਧਣ ਲਈ ਬਹੁਤ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅੱਧ ਤੱਕ ਇਹ ਮੌਸਮ ਇਸੇ ਤਰ੍ਹਾਂ ਰਹੇਗਾ ਜਿਸ ਕਾਰਨ ਅਕਤੂਬਰ ਮਹੀਨੇ ਲੋਕਾਂ ਨੂੰ ਹੁਣ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ-ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਵਿਖਾਏ ਤੇਵਰ, ਪ੍ਰੇਸ਼ਾਨੀ ਦੇ ਚੱਲਦਿਆਂ ਮੁੰਡੇ ਨੇ ਤੋੜਿਆ ਦਮ
ਉਨ੍ਹਾਂ ਕਿਹਾ ਕਿ ਕੁਝ ਹੀ ਦਿਨਾਂ ਵਿਚ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਇੱਕਦਮ ਵਾਧਾ ਹੋਇਆ ਹੈ। ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਦਿਨਾਂ ਵਿਚ ਪੂਰੀ ਬਾਂਹ ਦੇ ਕੱਪੜੇ ਪਹਿਨ ਕੇ ਰੱਖਣ ਅਤੇ ਮੱਛਰ ਤੋਂ ਬਚਾਅ ਲਈ ਹਰ ਸੰਭਵ ਯਤਨ ਕਰਨ। ਇਸ ਦੇ ਨਾਲ ਹੀ ਆਪਣੇ ਘਰਾਂ ਦੇ ਅੰਦਰ ਗਮਲਿਆਂ, ਫਰਿਜਾਂ ਦੀਆਂ ਖਾਲੀ ਪਏ ਹੋਰ ਸਮਾਨ ਟਾਇਰਾਂ, ਕੂਲਰਾਂ ਆਦਿ ਵਿੱਚੋਂ ਪਾਣੀ ਨੂੰ ਜਰੂਰ ਸੁਕਾ ਦੇਣ। ਉਹਨਾਂ ਕਿਹਾ ਕਿ ਡੇਂਗੂ ਸਾਫ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਜੇਕਰ ਪਾਣੀ ਸੁਕਾ ਦਿੱਤਾ ਜਾਵੇ ਤਾਂ ਇਸ ਦਾ ਲਾਰਵਾ ਖਤਮ ਹੋ ਜਾਂਦਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਇਕੋ ਦਿਨ ਵਿਚ ਕੀਤੀ 6428 ਘਰਾਂ ਵਿਚ ਚੈਕਿੰਗ
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਅਤੇ ਜ਼ਿਲਾ ਐਪੀਡਿਮਾਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਇਕੋ ਦਿਨ ਜ਼ਿਲੇ ਅੰਦਰ 6428 ਘਰਾਂ ਵਿਚ ਚੈਕਿੰਗ ਕੀਤੀ ਹੈ। ਜਿਸ ਦੌਰਾਨ 71 ਥਾਵਾਂ ’ਤੇ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸੀਜ਼ਨ ਵਿਚ ਹੁਣ ਤੱਕ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ 6,21,479 ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਿਚੋਂ 3145 ਥਾਵਾਂ ’ਤੇ ਲਾਰਵਾ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਚੈਕਿੰਗ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜਿਹੜੀਆਂ ਥਾਵਾਂ ’ਤੇ ਲਾਰਵਾ ਮਿਲੇਗਾ ਉਥੇ ਨਿਯਮਾਂ ਅਨੁਸਾਰ ਚਲਾਨ ਵੀ ਕੱਟਿਆ ਜਾਵੇਗਾ ।
ਕੀ ਹਨ ਡੇਂਗੂ ਦੇ ਲੱਛਣ?
ਉਨ੍ਹਾਂ ਦੱਸਿਆ ਕਿ ਡੇਂਗੂ ਨਾਲ ਮਰੀਜ਼ ਨੂੰ ਤੇਜ ਬੁਖਾਰ ਹੁੰਦਾ ਹੈ। ਮਾਸਪੇਸ਼ੀਆਂ ਅਤੇ ਅੱਖਾਂ ਦੇ ਪਿਛਲੇ ਪਾਸੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਨੱਕ ਤੇ ਮੂੰਹ ਵਿਚੋਂ ਖੂਨ ਵੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ’ਤੇ ਨਿਸ਼ਾਨ ਪੈ ਜਾਂਦੇ ਹਨ। ਇਸ ਲਈ ਜੇਕਰ ਕਿਸੇ ਮਰੀਜ਼ ਨੂੰ ਅਜਿਹੀਆਂ ਸਰੀਰਕ ਸਮੱਸਿਆਵਾਂ ਹੋਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਸੰਪਰਕ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8