IMF ਨੇ ਭਾਰਤ ਦਾ ਵਿਕਾਸ ਦਰ ਅਨੁਮਾਨ 7.5 ਤੋਂ ਘਟਾ ਕੇ 7.3 ਫੀਸਦੀ ਕੀਤਾ

07/17/2018 9:57:17 AM

ਵਾਸ਼ਿੰਗਟਨ— ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਚਾਲੂ ਵਿੱਤੀ ਸਾਲ 'ਚ 7.5 ਫੀਸਦੀ ਤੋਂ ਘਟਾ ਕੇ 7.3 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਭਾਰਤ ਹੁਣ ਵੀ ਦੁਨੀਆ ਦੀਆਂ ਸਭ ਤੋਂ ਤੇਜ਼ ਵਿਕਾਸ ਦਰ ਵਾਲੀਆਂ ਅਰਥਵਿਵਸਥਾਵਾਂ 'ਚ ਚੋਟੀ 'ਤੇ ਹੈ। 'ਵਰਲਡ ਇਕਨਾਮਿਕ ਆਊਟਲੁਕ (ਡਬਲਿਊ. ਈ. ਓ.) ਦੇ ਤਾਜ਼ਾ ਮੁਲਾਂਕਣ 'ਚ ਇਸ ਸਾਲ ਅਪ੍ਰੈਲ 'ਚ 0.1 ਫੀਸਦੀ ਅਤੇ 2019 'ਚ 0.3 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਆਈ. ਐੱਮ. ਐੱਫ. ਨੇ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਸਖਤ ਕਰੰਸੀ ਨੀਤੀ ਕਾਰਨ ਇਸ 'ਚ ਕਟੌਤੀ ਕੀਤੀ ਗਈ ਹੈ।
ਆਈ. ਐੱਮ. ਐੱਫ. ਦੇ ਰਿਸਰਚ ਵਿਭਾਗ ਦੇ ਨਿਰਦੇਸ਼ਕ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਭਾਰਤ ਵਰਗੇ ਦਰਾਮਦ ਕਰਤਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਵਾਸ਼ਿੰਗਟਨ 'ਚ ਅੰਕੜੇ ਜਾਰੀ ਕਰਦੇ ਹੋਏ ਆਈ. ਐੱਮ. ਐੱਫ. ਨੇ ਕਿਹਾ ਕਿ ਸੰਸਾਰਕ ਆਰਥਿਕ ਵਿਕਾਸ ਦਰ ਇਸ ਸਾਲ ਅਤੇ ਅਗਲੇ ਸਾਲ 3.9 ਫੀਸਦੀ ਰਹਿ ਸਕਦੀ ਹੈ।
ਉਸ ਨੇ ਅੰਦਾਜ਼ਾ ਪ੍ਰਗਟ ਕੀਤਾ ਹੈ ਕਿ ਭਾਰਤ ਦੀ ਵਿਕਾਸ ਦਰ 2017 ਦੀ 6.7 ਫੀਸਦੀ ਤੋਂ ਵਧ ਕੇ 2018 'ਚ 7.3 ਫੀਸਦੀ ਅਤੇ 2019 'ਚ 7.5 ਫੀਸਦੀ ਰਹਿ ਸਕਦੀ ਹੈ। ਆਈ. ਐੱਮ. ਐੱਫ. ਵੱਲੋਂ ਅਨੁਮਾਨ 'ਚ ਕਮੀ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਚੀਨ ਦੇ ਮੁਕਾਬਲੇ ਜ਼ਿਆਦਾ ਰਹਿਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਚੀਨ ਦੀ ਵਿਕਾਸ ਦਰ ਇਸ ਸਾਲ 6.6 ਫੀਸਦੀ ਅਤੇ ਅਗਲੇ ਸਾਲ 6.4 ਫੀਸਦੀ ਰਹਿਣ ਦਾ ਅਨੁਮਾਨ ਹੈ। ਉੱਥੇ ਹੀ ਆਈ. ਐੱਮ. ਐੱਫ. ਦਾ ਮੰਨਣਾ ਹੈ ਕਿ ਵਪਾਰ ਨੂੰ ਲੈ ਕੇ ਵਧਦੇ ਤਣਾਅ ਕਾਰਨ ਸੰਸਾਰਕ ਅਰਥਵਿਵਸਥਾ 'ਤੇ ਰਿਸਕ ਛਾਇਆ ਹੋਇਆ ਹੈ।


Related News