ਜੇਕਰ ਸਾਲ ''ਚ ਇਕ ਵਾਰ ਆਪਣਾ ਬੈਂਕ ਲਾਕਰ ਨਾ ਖੋਲ੍ਹਿਆ ਤਾਂ ਬੈਂਕ ਚੁੱਕ ਸਕਦਾ ਹੈ ਇਹ ਕਦਮ

01/20/2020 2:50:22 PM

ਨਵੀਂ ਦਿੱਲੀ — ਜੇਕਰ ਤੁਸੀਂ ਕਿਸੇ ਬੈਂਕ ਵਿਚ ਲਾਕਰ ਲਿਆ ਹੋਇਆ ਹੈ ਤਾਂ ਤੁਹਾਨੂੰ ਇਸ ਨੂੰ ਹਰ ਸਾਲ ਘੱਟੋ ਘੱਟ ਇਕ ਵਾਰ ਜ਼ਰੂਰ ਆਪਰੇਟ ਕਰਨਾ ਚਾਹੀਦਾ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਬੈਂਕ ਤੁਹਾਡਾ ਲਾਕਰ ਖੋਲ੍ਹ ਕੇ ਦੇਖ ਸਕਦਾ ਹੈ। ਬੈਂਕ ਅਨੁਸਾਰ ਜੇਕਰ ਤੁਸੀਂ ਘੱਟ ਜੋਖਮ ਸ਼੍ਰੇਣੀ 'ਚ ਹੋ ਤਾਂ ਬੈਂਕ ਤੁਹਾਨੂੰ ਇਕ ਹੋਰ ਮੌਕਾ ਦੇ ਸਕਦਾ ਹੈ। ਆਰਬੀਆਈ ਦੇ ਨਿਯਮਾਂ ਅਨੁਸਾਰ ਜਿਹੜੇ ਲੋਕ ਮੀਡੀਅਮ ਰਿਸਕ ਕੈਟੇਗਰੀ 'ਚ ਆਉਂਦੇ ਹਨ ਉਨ੍ਹਾਂ ਨੂੰ ਬੈਂਕ ਤਾਂ ਹੀ ਨੋਟਿਸ ਭੇਜਦਾ ਹੈ ਜਦੋਂ ਉਹ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੱਕ ਆਪਣਾ ਲਾਕਰ ਆਪਰੇਟ ਨਹੀਂ ਕਰਦੇ।

ਲਾਕਰ ਗਾਹਕਾਂ ਦੀਆਂ ਹੁੰਦੀਆਂ ਹਨ ਵੱਖ-ਵੱਖ ਸ਼੍ਰੇਣੀਆਂ

ਬੈਂਕ ਵੱਖ-ਵੱਖ ਮਾਪਦੰਡਾਂ ਜਿਵੇਂ ਵਿੱਤੀ ਜਾਂ ਸੋਸ਼ਲ ਸਟੇਟਸ, ਕਾਰੋਬਾਰ ਦੀ ਗਤੀਵਿਧੀ, ਗਾਹਕ ਦੀ ਸਥਿਤੀ ਅਤੇ ਉਨ੍ਹਾਂ ਦੇ ਗਾਹਕਾਂ ਵਰਗੇ ਕਈ ਮਾਪਦੰਡਾਂ ਦੇ ਆਧਾਰ 'ਤੇ ਗਾਹਕਾਂ ਨੂੰ ਲੋਅ ਤੋਂ ਹਾਈ ਕੈਟੇਗਰੀ ਵਿਚ ਵੰਡਦੇ ਹਨ। ਕਿਸੇ ਵੀ ਗਾਹਕ ਨੂੰ ਲਾਕਰ ਦੇਣ ਤੋਂ ਪਹਿਲਾਂ ਬੈਂਕ ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ ਪੜਤਾਲ ਕਰਦੇ ਹਨ।   ਹਾਲਾਂਕਿ ਲਾਕਰ ਖੋਲ੍ਹਣ ਤੋਂ ਪਹਿਲਾਂ ਬੈਂਕ ਨੂੰ ਕਈ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਇਹਨਾਂ ਪ੍ਰਕਿਰਿਆਵਾਂ ਤੋਂ ਬਾਅਦ ਹੀ ਦੁਬਾਰਾ ਤੋਂ ਖੁੱਲ੍ਹਦਾ ਹੈ ਲਾਕਰ

ਜੇਕਰ ਤੁਸੀਂ ਇਕ ਸਾਲ ਤੱਕ ਲਾਕਰ ਆਪਰੇਟ ਨਹੀਂ ਕਰਦੇ ਤਾਂ ਬੈਂਕ ਤੁਹਾਨੂੰ ਇਕ ਨੋਟਿਸ ਭੇਜਦਾ ਹੈ ਜਿਸ ਵਿਚ ਉਹ ਤੁਹਾਨੂੰ ਲਾਕਰ ਜਾਰੀ ਰੱਖਣ ਜਾਂ ਫਿਰ ਇਸ ਨੂੰ ਸਰੰਡਰ ਕਰਨ ਲਈ ਕਹਿੰਦਾ ਹੈ। ਤੁਸੀਂ ਕਿਹੜੇ ਕਾਰਨਾਂ ਕਰਕੇ  ਲਾਕਰ ਨੂੰ ਚਲਾਉਣ 'ਚ ਅਸਮਰੱਥ ਹੋ, ਇਸ ਬਾਰੇ ਤੁਹਾਨੂੰ ਲਿਖਤੀ ਰੂਪ 'ਚ ਦੇਣਾ ਪਏਗਾ। ਜੇਕਰ ਤੁਹਾਡੇ ਵਲੋਂ ਦਿੱਤਾ ਗਿਆ ਜਵਾਬ ਵਾਜਬ ਲੱਗਦਾ ਹੈ, ਤਾਂ ਬੈਂਕ ਤੁਹਾਨੂੰ ਲਾਕਰ ਦੀ ਸਹੂਲਤ ਜਾਰੀ ਰੱਖਣ ਦੀ ਆਗਿਆ ਦੇ ਦਿੰਦਾ ਹੈ।

ਜੇ ਤੁਸੀਂ ਕੋਈ ਉਚਿਤ ਕਾਰਨ ਨਹੀਂ ਦੱਸ ਪਾਉਂਦੇ ਹੋ, ਤਾਂ ਬੈਂਕ ਲਾਕਰ ਦੀ ਅਲਾਟਮੈਂਟ ਨੂੰ ਰੱਦ ਕਰ ਸਕਦਾ ਹੈ ਅਤੇ ਲਾਕਰ ਇਸ ਨੂੰ ਕਿਸੇ ਹੋਰ ਨੂੰ ਅਲਾਟ ਕਰ ਸਕਦਾ ਹੈ। ਹਰ ਬੈਂਕ ਨੂੰ ਆਪਣੇ ਨਿਯਮਾਂ ਬਾਰੇ ਗਾਹਕ ਨੂੰ ਜਾਣਕਾਰੀ ਦੇਣੀ ਪੈਂਦੀ ਹੈ। ਲਾਕਰ ਦੀ ਸਹੂਲਤ ਦਿੰਦੇ ਹੋਏ ਇਹ ਐਗਰੀਮੈਂਟ ਦਾ ਹਿੱਸਾ ਹੁੰਦਾ ਹੈ।

ਵਾਰ-ਵਾਰ ਓਪਰੇਟ ਕਰਨ ਦੀ ਸਹੂਲਤ

ਤੁਹਾਡਾ ਬੈਂਕ ਤੁਹਾਨੂੰ ਹਰ ਮਹੀਨੇ ਲਾਕਰ ਆਪਰੇਟ ਕਰਨ ਦੀ ਆਗਿਆ ਦੇ ਸਕਦਾ ਹੈ। ਉਦਾਹਰਣ ਲਈ ਬੈਂਕ ਆਫ ਬੜੌਦਾ ਆਪਣੇ ਗਾਹਕਾਂ ਨੂੰ ਛੇ ਮਹੀਨੇ ਵਿਚ ਘੱਟੋ ਘੱਟ ਇਕ ਵਾਰ ਲਾਕਰ ਖੋਲ੍ਹਣ ਦੀ ਸਲਾਹ ਦਿੰਦਾ ਹੈ, ਪਰ ਜੇਕਰ ਗਾਹਕ ਇਕ ਸਾਲ ਤੱਕ ਲਾਕਰ ਨਹੀਂ ਖੋਲ੍ਹਦਾ, ਤਾਂ ਬੈਂਕ ਇਸਨੂੰ ਖੋਲ੍ਹ ਸਕਦਾ ਹੈ।

ਕਾਨੂੰਨੀ ਸਲਾਹ ਮਸ਼ਵਰੇ ਤੋਂ ਬਾਅਦ ਬੈਂਕ ਖੋਲਦਾ ਹੈ ਲਾਕਰ 

ਬੈਂਕ ਲਾਕਰ ਖੋਲ੍ਹਣ ਤੋਂ ਪਹਿਲਾਂ ਬੈਂਕ ਨੂੰ ਕਾਨੂੰਨੀ ਸਲਾਹਕਾਰ ਨਾਲ ਸਲਾਹ ਕਰਨੀ ਪੈਂਦੀ ਹੈ। ਆਰਬੀਆਈ ਦੇ ਨਿਯਮਾਂ ਅਨੁਸਾਰ, 'ਲਾਕਰ ਨੂੰ ਖੋਲ੍ਹਣ ਅਤੇ ਇਸ ਵਿਚ ਰੱਖੇ ਸਮਾਨ ਦਾ ਜਾਇਜ਼ਾ ਲੈਣ ਲਈ ਬੈਂਕ ਨੂੰ ਆਪਣੇ ਕਾਨੂੰਨੀ ਸਲਾਹਕਾਰ ਨਾਲ ਸਲਾਹ ਮਸ਼ਵਰੇ ਨਾਲ ਇਕ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਜ਼ਰੂਰਤ ਹੁੰਦੀ ਹੈ।'


Related News