ਆਈਡੀਬੀਆਈ ਬੈਂਕ ''ਚ ਹਿੱਸੇਦਾਰੀ ਵਧਾਉਣ ਦੇ ਤੌਰ-ਤਰੀਕਿਆਂ ''ਤੇ 4 ਨੂੰ ਫੈਸਲਾ ਲਵੇਗਾ ਐੱਲਆਈਸੀ ਨਿਰਦੇਸ਼ਕ ਮੰਡਲ
Thursday, Aug 30, 2018 - 03:48 AM (IST)
ਨਵੀਂ ਦਿੱਲੀ-ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਨਿਰਦੇਸ਼ਕ ਮੰਡਲ ਆਈ. ਡੀ. ਬੀ. ਆਈ. ਬੈਂਕ 'ਚ ਆਪਣੀ ਹਿੱਸੇਦਾਰੀ ਨੂੰ ਵਧਾ ਕੇ 51 ਫੀਸਦੀ ਕਰਨ ਦੇ ਤੌਰ-ਤਰੀਕਿਆਂ 'ਤੇ 4 ਅਗਸਤ ਦੀ ਬੈਠਕ 'ਚ ਫੈਸਲਾ ਕਰੇਗਾ। ਇਸ ਕਦਮ ਨਾਲ ਐੱਲ. ਆਈ. ਸੀ. ਲਈ ਬੈਂਕਿੰਗ ਖੇਤਰ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਸੂਤਰਾਂ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਦੀ ਬੈਠਕ 'ਚ ਖੁੱਲ੍ਹੇ ਪ੍ਰਸਤਾਵ, ਬੋਰਡ ਪੱਧਰ 'ਤੇ ਨਿਯੁਕਤੀਆਂ ਤੇ ਆਈ. ਡੀ. ਬੀ. ਆਈ. ਨੂੰ ਫਿਰ ਤੋਂ ਖੜ੍ਹਾ ਕਰਨ ਲਈ ਭਵਿੱਖ ਦੀ ਰਣਨੀਤੀ 'ਤੇ ਚਰਚਾ ਹੋਵੇਗੀ। ਐੱਲ. ਆਈ. ਸੀ. ਜਲਦ ਹੀ ਆਈ. ਡੀ. ਬੀ. ਆਈ. ਬੈਂਕ 'ਚ ਆਪਣੀ ਹਿੱਸੇਦਾਰੀ 7 ਫੀਸਦੀ ਹੋਰ ਵਧਾਏਗੀ। ਇਸ ਦੇ ਨਾਲ ਉਸ ਦੀ ਹਿੱਸੇਦਾਰੀ ਵਧ ਕੇ 14.9 ਫੀਸਦੀ ਹੋ ਜਾਵੇਗੀ। ਮੌਜੂਦਾ ਸਮੇਂ 'ਚ ਆਈ. ਡੀ. ਬੀ. ਆਈ. 'ਚ ਐੱਲ. ਆਈ. ਸੀ. ਦੀ ਹਿੱਸੇਦਾਰੀ 7.98 ਫੀਸਦੀ ਹੈ। ਆਈ. ਡੀ. ਬੀ. ਆਈ. ਬੈਂਕ ਨੇ ਕੱਲ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਬੈਂਕ ਨੂੰ ਐੱਲ. ਆਈ. ਸੀ. ਤੋਂ 28 ਅਗਸਤ 2018 ਦਾ ਇਕ ਪੱਤਰ ਮਿਲਿਆ। ਇਸ 'ਚ ਤਰਜੀਹੀ ਆਧਾਰ 'ਤੇ ਕੁਲ ਮਿਲਾ ਕੇ 14.90 ਫੀਸਦੀ ਤੱਕ ਸ਼ੇਅਰ ਦੀ ਗਾਹਕੀ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ। ਨਿਰਦੇਸ਼ਕ ਮੰਡਲ 31 ਅਗਸਤ ਨੂੰ ਇਸ ਪ੍ਰਸਤਾਵ 'ਤੇ ਵਿਚਾਰ ਕਰੇਗਾ। ਸੂਤਰਾਂ ਨੇ ਕਿਹਾ ਕਿ ਹਿੱਸੇਦਾਰੀ ਵਿਕਰੀ ਦੇ ਪਹਿਲੇ ਪੜਾਅ ਤੋਂ ਆਈ. ਡੀ. ਬੀ. ਆਈ. ਬੈਂਕ ਦੀ ਤੁਰੰਤ ਪੂੰਜੀ ਜ਼ਰੂਰਤਾਂ ਪੂਰੀਆਂ ਹੋਣਗੀਆਂ। ਕੇਂਦਰੀ ਮੰਤਰੀ ਮੰਡਲ ਨੇ ਅਗਸਤ 'ਚ ਐੱਲ. ਆਈ. ਸੀ. ਨੂੰ ਆਈ. ਡੀ. ਬੀ. ਆਈ. ਬੈਂਕ 'ਚ ਹਿੱਸੇਦਾਰੀ ਵਧਾ ਕੇ 51 ਫੀਸਦੀ ਤੱਕ ਕਰਨ ਦੀ ਇਜਾਜ਼ਤ ਦੇ ਦਿੱਤੀ।
