ਡ੍ਰਾਈ ਸ਼ੈਂਪੂ ਨਾਲ ਕੈਂਸਰ ਦਾ ਖਤਰਾ ਹੋਣ ’ਤੇ HUL ਨੇ ਦਿੱਤੀ ਸਫਾਈ, ਭਾਰਤ ’ਚ ਨਹੀਂ ਵੇਚਦੇ ਹਾਂ ਅਜਿਹੇ ਪ੍ਰੋਡਕਟ

Thursday, Oct 27, 2022 - 01:11 PM (IST)

ਨਵੀਂ ਦਿੱਲੀ–ਯੂਨੀਲਿਵਰ ਦੇ ਡ੍ਰਾਈ ਸ਼ੈਪੂ ’ਚ ਕੈਂਸਰ ਪੈਦਾ ਕਰਨ ਵਾਲੇ ਹਾਨੀਕਾਰਕ ਤੱਤਾਂ ਦੇ ਖਦਸ਼ਿਆਂ ਦਰਮਿਆਨ ਭਾਰਤ ’ਚ ਹਿੰਦੁਸਤਾਨ ਯੂਨੀਲਿਵਰ (ਐੱਚ. ਯੂ. ਐੱਲ.) ਨੇ ਦੇਸ਼ ’ਚ ਅਜਿਹੇ ਕਿਸੇ ਵੀ ਪ੍ਰੋਡਕਟ ਨੂੰ ਵੇਚਣ ਤੋਂ ਇਨਕਾਰ ਕੀਤਾ ਹੈ। 21 ਅਕਤੂਬਰ ਨੂੰ ਯੂ. ਐੱਸ. ਐੱਫ. ਡੀ. ਏ. ਨੇ ਮਾਰਕੀਟ ਤੋਂ ਡਵ ਡ੍ਰਾਈ ਸ਼ੈਂਪੂ ਨੂੰ ਵਾਪਸ ਲੈਣ ਦਾ ਨੋਟਿਸ ਜਾਰੀ ਕੀਤਾ ਸੀ। ਦਰਅਸਲ ਖੋਜਕਾਰਾਂ ਨੇ ਇਸ ’ਚ ਬੈਂਜੀਨ ਦੇ ਉੱਚ ਪੱਧਰ ਨੂੰ ਪਾਇਆ ਜੋ ਕੈਂਸਰ ਦਾ ਕਾਰਣ ਬਣ ਸਕਦੇ ਹਨ।
ਡਵ ਅਤੇ ਹੋਰ ਡ੍ਰਾਈ ਸ਼ੈਂਪੂ ਪ੍ਰੋਡਕਟ ਦਾ ਨਿਰਮਾਣ ਐੱਚ. ਯੂ. ਐੱਲ. ਦੀ ਪੇਰੈਂਟ ਕੰਪਨੀ ਯੂਨੀਲਿਵਰ ਵਲੋਂ ਕੀਤਾ ਜਾਂਦਾ ਹੈ। ਇਸ ਖੁਲਾਸੇ ਤੋਂ ਬਾਅਦ ਯੂਨੀਲਿਵਰ ਕੰਪਨੀ ਨੇ ਡਵ, ਨੈਕਸਸ, ਸੁਵੇ, ਟੀ. ਜੀ. ਆਈ. ਅਤੇ ਏਰੋਸੋਲ ਡ੍ਰਾਈ ਸ਼ੈਂਪੂ ਨੂੰ ਯੂ. ਐੱਸ. ਮਾਰਕਟ ਤੋਂ ਵਾਪਸ ਮੰਗਵਾ ਲਿਆ ਹੈ।
ਹਿੰਦੁਸਤਾਨ ਯੂਨੀਲਿਵਰ ਮੁਤਾਬਕ ਭਾਰਤ ’ਚ ਕੰਪਨੀ ਨਾ ਤਾਂ ਅਜਿਹੇ ਉਤਪਾਦਾਂ ਦਾ ਨਿਰਮਾਣ ਕਰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਇੱਥੇ ਵੇਚਦੀ ਹੈ। ਡਵ ਡ੍ਰਾਈ ਸ਼ੈਂਪੂ ਦੀ ਵਿਕਰੀ ਮੁੱਖ ਤੌਰ ’ਤੇ ਯੂਨੀਲਿਵਰ ਵਲੋਂ ਅਮਰੀਕਾ ਅਤੇ ਕੈਨੇਡਾ ਦੇ ਬਾਜ਼ਾਰਾਂ ’ਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਨ੍ਹਾਂ ਸ਼ੈਂਪੂ ’ਚ ਕਾਰਬਨਿਕ ਰਸਾਇਣਿਕ ਯੌਗਿਕ ਬੈਂਜੀਨ ਵਧੇਰੇ ਮਾਤਰਾ ’ਚ ਪਾਇਆ ਗਿਆ ਹੈ ਜੋ ਮਨੁੱਖੀ ਸਰੀਰ ’ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਕਾਵਾਂ ਦਾ ਖਤਰਾ ਵਧਾ ਸਕਦਾ ਹੈ।
ਡ੍ਰਾਈ ਸ਼ੈਂਪੂ ਨਾਲ ਕੀ ਨੁਕਸਾਨ ਹੈ?
ਡ੍ਰਾਈ ਯਾਨੀ ਸੁੱਕੇ ਸ਼ੈਂਪੂ ਦੀ ਵਰਤੋਂ ਵਾਲਾਂ ਨੂੰ ਗਿੱਲਾ ਕੀਤੇ ਬਿਨਾਂ ਉਨ੍ਹਾਂ ਨੂੰ ਸਾਫ ਕਰਨ ’ਚ ਕੀਤੀ ਜਾ ਸਕਦੀ ਹੈ। ਇਹ ਪਾਊਡਰ ਜਾਂ ਸਪ੍ਰੇਅ ਵਾਂਗ ਹੁੰਦੇ ਹਨ। ਇਹ ਸ਼ੈਂਪੂ ਵਾਲਾਂ ’ਚ ਜੰਮੇ ਤੇਲ ਅਤੇ ਗ੍ਰੀਸ ਨੂੰ ਸਾਫ ਕਰਦੇ ਹਨ ਅਤੇ ਉਨ੍ਹਾਂ ਨੂੰ ਸੰਘਣਾ ਦਿਖਾਉਂਦੇ ਹਨ। ਕੁੱਝ ਡ੍ਰਾਈ ਸ਼ੈਂਪੂ ’ਚ ਏਅਰੋਸੋਲ ਸਪ੍ਰੇਅ ਵੀ ਹੁੰਦਾ ਹੈ।
ਯੂਨੀਲਿਵਰ ਨੇ ਇਸ ਨੂੰ ਸਿਹਤ ਲਈ ਹਾਨੀਕਾਰਕ ਦੱਸਦੇ ਹੋਏ ਕਿਹਾ ਕਿ ਬੈਂਜੀਨ ਸਰੀਰ ’ਚ ਸੁੰਘਣ, ਖਾਣ ਜਾਂ ਸਕਿਨ ਦੇ ਰਸਤੇ ਦਾਖਲ ਹੋ ਸਕਦਾ ਹੈ। ਇਸ ਦੇ ਸਰੀਰ ’ਚ ਜਾਣ ਨਾਲ ਬੋਨ ਮੈਰੋ ਦਾ ਬਲੱਡ ਕੈਂਸਰ, ਲਿਊਕੀਮੀਆ ਅਤੇ ਬਲੱਡ ਡਿਸਆਰਡਰ ਹੋਣ ਦਾ ਖਤਰਾ ਰਹਿੰਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News