ਜਹਾਜ਼ 'ਚ ਕੋਰੋਨਾ ਦਾ ਕਿੰਨਾ ਖ਼ਤਰਾ, ਨਵੀਂ ਰਿਪੋਰਟ ਨੇ ਕੀਤਾ ਇਹ ਖ਼ੁਲਾਸਾ
Tuesday, Sep 22, 2020 - 02:33 PM (IST)
ਨਵੀਂ ਦਿੱਲੀ— ਕੌਮਾਂਤਰੀ ਹਵਾਈ ਆਵਾਜਾਈ ਸੰਘ (ਆਇਟਾ) ਨੇ ਅੱਜ ਦਾਅਵਾ ਕੀਤਾ ਕਿ ਜਹਾਜ਼ 'ਚ ਕੋਵਿਡ-19 ਸੰਕਰਮਣ ਦਾ ਖ਼ਦਸ਼ਾ ਬਹੁਤ ਘੱਟ ਹੈ। ਉਸ ਨੇ ਇਕ ਰਿਪਰੋਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਗਲ ਆਖੀ, ਜਿਸ 'ਚ ਦੱਸਿਆ ਗਿਆ ਸੀ ਕਿ ਇਸ ਸਾਲ ਮਾਰਚ 'ਚ ਲੰਡਨ ਤੋਂ ਹਨੋਈ ਅਤੇ ਬੋਸਟਨ ਤੋਂ ਹਾਂਗਕਾਂਗ ਅਤੇ ਕੁਝ ਹੋਰ ਰੂਟਾਂ 'ਤੇ ਉਡਾਣਾਂ 'ਚ ਯਾਤਰਾ ਦੌਰਾਨ ਲੋਕ ਸੰਕ੍ਰਮਿਤ ਮਿਲੇ ਹਨ।
ਸੰਘ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਫੈਲਣ ਤੋਂ ਪਿੱਛੋਂ ਉਡਾਣਾਂ ਦੀ ਗਿਣਤੀ 'ਚ ਲੱਖਾਂ 'ਚ ਰਹੀ ਹੈ ਪਰ ਯਾਤਰਾ ਦੌਰਾਨ ਸੰਕਰਮਣ ਦੇ ਮਾਮਲੇ ਗਿਣੇ-ਚੁਣੇ ਹੀ ਹਨ।
ਕੌਮਾਂਤਰੀ ਹਵਾਈ ਆਵਾਜਾਈ ਸੰਘ ਨੇ ਕਿਹਾ ਕਿ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਟਰੇਨ, ਬੱਸ, ਰੈਸਟੋਰੈਂਟਾਂ ਅਤੇ ਦਫ਼ਤਰਾਂ ਦੀ ਤੁਲਨਾ 'ਚ ਜਹਾਜ਼ 'ਚ ਕੋਰੋਨਾ ਸੰਕਰਮਣ ਹੋਣ ਦਾ ਖ਼ਤਰਾ ਬਹੁਤ ਘੱਟ ਹੈ। ਜਹਾਜ਼ਾਂ 'ਚ ਹੇਪਾ ਫਿਲਟਰ ਲੱਗੇ ਹੋਣ ਨਾਲ ਵੀ ਫਾਇਦਾ ਹੁੰਦਾ ਹੈ, ਜੋ ਵਾਇਰਸ ਸਮੇਤ ਹਵਾ 'ਚ ਮੌਜੂਦ 99.99 ਫੀਸਦੀ ਸੂਖਮ ਕਣਾਂ ਨੂੰ ਫਿਲਟਰ ਕਰ ਦਿੰਦਾ ਹੈ।
ਇਹ ਵੀ ਪੜ੍ਹੋ- ਚਾਂਦੀ 'ਚ 1500 ਰੁਪਏ ਦੀ ਵੱਡੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਮੁੱਲ ► ਕਿਸਾਨਾਂ ਲਈ ਵੱਡੀ ਸੌਗਾਤ, ਸਰਕਾਰ ਨੇ ਕਣਕ ਦੇ MSP 'ਚ ਕੀਤਾ ਵਾਧਾ
ਉਸ ਨੇ ਕਿਹਾ ਕਿ ਅਧਿਐਨ 'ਚ ਜਿਨ੍ਹਾਂ ਦੋ ਉਡਾਣਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਮਾਰਚ ਦੀਆਂ ਹਨ। ਉਸ ਸਮੇਂ ਤੋਂ ਹੁਣ ਤੱਕ ਕਾਫ਼ੀ ਕੁਝ ਬਦਲ ਚੁੱਕਾ ਹੈ। ਹੁਣ ਮੂੰਹ 'ਤੇ ਮਾਸਕ ਅਤੇ ਹੋਰ ਕਵਰ ਲਾਉਣਾ ਆਮ ਗੱਲ ਹੋ ਗਈ ਹੈ। ਜੂਨ 'ਚ ਕੌਮਾਂਤਰੀ ਹਵਾਬਾਜ਼ੀ ਸੰਗਠਨ ਨੇ ਕੋਵਿਡ-19 ਦੇ ਮੱਦੇਨਜ਼ਰ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਆਇਟਾ ਨੇ ਯਾਤਰੀਆਂ ਨੂੰ ਆਪਣੇ ਵੱਲੋਂ ਪੂਰੀ ਸਾਵਧਾਨੀ ਵਰਤਣ ਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਦੀ ਸਲਾਹ ਦਿੱਤੀ ਹੈ। ਸੰਗਠਨ ਨੇ ਕਿਹਾ ਕਿ ਯਾਤਰੀਆਂ ਨੂੰ ਆਪਣੀ ਅੱਖ, ਨੱਕ, ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਖ਼ਾਸਕਰ ਅਜਿਹੀਆਂ ਥਾਵਾਂ ਨੂੰ ਛੂਹਣ ਤੋਂ ਬਾਅਦ ਜਿਸ ਨੂੰ ਕਈ ਲੋਕਾਂ ਨੂੰ ਛੂਹਿਆ ਹੋਵੇ।