ਹੌਂਡਾ ਦੇ ਸ਼ੌਕੀਨਾਂ ਲਈ ਗੁੱਡ ਨਿਊਜ਼, BS-VI 'ਚ ਵੀ ਖਰੀਦ ਸਕੋਗੇ ਇਹ ਕਾਰਾਂ

05/12/2019 1:00:30 PM

ਨਵੀਂ ਦਿੱਲੀ— ਹੌਂਡਾ ਦੀ ਡੀਜ਼ਲ ਗੱਡੀ ਖਰੀਦਣੀ ਪਸੰਦ ਕਰਦੇ ਹੋ ਤਾਂ ਤੁਹਾਡੀ ਲਈ ਚੰਗੀ ਖਬਰ ਹੈ। ਮਾਰੂਤੀ ਸੁਜ਼ੂਕੀ ਤੇ ਟਾਟਾ ਜਿੱਥੇ ਡੀਜ਼ਲ ਕਾਰਾਂ ਨੂੰ ਬੰਦ ਕਰਨ ਜਾ ਰਹੇ ਹਨ, ਉੱਥੇ ਹੀ, ਜਪਾਨੀ ਕਾਰ ਕੰਪਨੀ ਹੌਂਡਾ ਨੇ ਬੀ. ਐੱਸ.-6 ਨਿਯਮ ਲਾਗੂ ਹੋਣ 'ਤੇ ਵੀ ਡੀਜ਼ਲ ਮਾਡਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਬੀ. ਐੱਸ.-6 ਨਿਯਮ 1 ਅਪ੍ਰੈਲ 2020 ਤੋਂ ਲਾਗੂ ਹੋਣੇ ਹਨ।

 

 

ਹੌਂਡਾ ਕਾਰਜ਼ ਕੰਪਨੀ ਆਪਣੇ ਦੋ ਡੀਜ਼ਲ ਇੰਜਣਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਦਾ ਇਸਤੇਮਾਲ ਅਮੇਜ਼, ਸਿਟੀ, ਡਬਲਿਊ. ਆਰ.-5, ਬੀ. ਆਰ.-ਵੀ, ਸੀਵਿਕ ਅਤੇ ਸੀ. ਆਰ.-ਵੀ ਮਾਡਲਾਂ 'ਚ ਹੋ ਰਿਹਾ ਹੈ। ਇਹ ਦਿੱਗਜ ਕਾਰ ਕੰਪਨੀ ਦੀ ਇਸ ਵਿੱਤੀ ਸਾਲ ਦੀ ਚੌਥੀ ਤਿਮਾਹੀ ਤੋਂ ਪੈਟਰੋਲ ਤੇ ਡੀਜ਼ਲ ਦੋਹਾਂ 'ਚ ਬੀ. ਐੱਸ.-6 ਇੰਜਣ ਨਾਲ ਕਾਰਾਂ ਬਾਜ਼ਾਰ 'ਚ ਉਤਾਰਨ ਦੀ ਯੋਜਨਾ ਬਣ ਰਹੀ ਹੈ।
ਹੌਂਡਾ ਕਾਰ ਕੰਪਨੀ ਦਾ ਕਹਿਣਾ ਹੈ ਕਿ 20 ਫੀਸਦੀ ਖਰੀਦਦਾਰ ਡੀਜ਼ਲ ਕਾਰ ਲੈਣਾ ਪਸੰਦ ਕਰਦੇ ਹਨ ਤੇ ਕੰਪਨੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ। ਹਾਲਾਂਕਿ ਕੰਪਨੀ ਦਾ ਮੰਨਣਾ ਹੈ ਕਿ ਬੀ. ਐੱਸ.-6 ਲਾਗੂ ਮਗਰੋਂ ਪੈਟਰੋਲ ਤੇ ਡੀਜ਼ਲ ਕੀਮਤਾਂ ਵਿਚਕਾਰ ਫਰਕ ਬਹੁਤ ਘੱਟ ਰਹਿ ਜਾਵੇਗਾ ਪਰ ਉਸ ਨੂੰ ਉਮੀਦ ਹੈ ਕਿ ਡੀਜ਼ਲ ਮਾਡਲਾਂ ਦੀ ਮੰਗ ਤੁਰੰਤ ਖਤਮ ਨਹੀਂ ਹੋਵੇਗੀ। ਇਸ ਲਈ, ਕੰਪਨੀ ਡੀਜ਼ਲ ਮਾਡਲਾਂ ਨੂੰ ਬਾਜ਼ਾਰ ਦੀ ਮੰਗ ਅਨੁਸਾਰ ਜਾਰੀ ਰੱਖੇਗੀ। ਹੌਂਡਾ ਕਾਰਜ਼ 1.5 ਲਿਟਰ ਡੀਜ਼ਲ ਇੰਜਣ ਨਾਲ ਅਮੇਜ਼, ਡਬਲਿਊ. ਆਰ.-ਵੀ, ਸਿਟੀ ਤੇ ਬੀ. ਆਰ.-ਵੀ ਕਾਰਾਂ ਵੇਚਦੀ ਹੈ, ਜਦੋਂ ਕਿ ਸਿਵਿਕ ਤੇ ਸੀ. ਆਰ.-ਵੀ 'ਚ 1.6 ਲਿਟਰ ਡੀਜ਼ਲ ਪਾਵਰਟ੍ਰੇਨ ਇੰਜਣ ਹੈ। ਹੁਣ ਇਨ੍ਹਾਂ ਦੋ ਇੰਜਣਾਂ ਨੂੰ ਕੰਪਨੀ ਬੀ. ਐੱਸ.-6 'ਚ ਬਦਲਣ ਜਾ ਰਹੀ ਹੈ। ਇਹ ਮਾਡਲ ਪੈਟਰੋਲ 'ਚ ਵੀ ਉਪਲੱਬਧ ਹਨ।


Related News