ਹੀਰੋ ਮੋਟਰਸ ਕੰਪਨੀ ਗਰੁੱਪ ਨੇ ਇਲੈਕਟ੍ਰਿਕ ਵਾਹਨ ਨਿਰਮਾਣ ’ਚ ਐਂਟਰੀ ਦਾ ਕੀਤਾ ਐਲਾਨ
Saturday, May 06, 2023 - 10:48 AM (IST)
ਲੁਧਿਆਣਾ (ਵਿਸ਼ੇਸ਼)– ਗੁਣਵੱਤਾ ਦਾ ਮਹਿੰਗਾਈ ਨਾਲ ਕੋਈ ਸਬੰਧ ਨਹੀਂ ਹੈ। ਲੁਧਿਆਮਾ ਵਰਗੇ ਮੈਨੂਫੈਕਚਰਿੰਗ ਹੱਬ ’ਚ ਦੇਸ਼ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਚੰਗੀ ਕੁਆਲਿਟੀ ਨੂੰ ਪਾਕੇਟ ਫ੍ਰੈਂਡਲੀ ਦਰ ’ਤੇ ਬਣਾਇਆ ਜਾ ਸਕਦਾ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਹੀਰੋ ਮੋਟਰਸ ਕੰਪਨੀ (ਐੱਚ. ਐੱਮ. ਸੀ.) ਧਨਾਨਸੁ ਹਾਈਟੈੱਕ ਸਾਈਕਲ ਵੈੱਲੀ ਤੋਂ ਵੱਡਾ ਆਕਾਰ ਦਿੰਦੇ ਹੋਏ ਐੱਚ. ਐੱਮ. ਸੀ. ਵੈੱਲੀ ਦਾ ਰੂਪ ਦੇਵੇਗੀ, ਜਿਸ ਦੇ ਤਹਿਤ ਈ. ਵੀ. ਬਿਜ਼ਨੈੱਸ ’ਚ 1000 ਕਰੋੜ ਰੁਪਏ ਨਿਵੇਸ਼ ਕਰਦੇ ਹੋਏ ਈ. ਵੀ. ਪਾਰਟਸ ਦੇ ਨਿਰਮਾਣ ’ਤੇ ਫੋਕਸ ਕੀਤਾ ਜਾਏਗਾ। ਇਹ ਐਲਾਨ ਹੀਰੋ ਮੋਟਰ ਕਾਰਪ ਦੇ ਸੀ. ਐੱਮ. ਡੀ. ਪੰਕਜ ਮੁੰਜਾਲ ਨੇ ਕੀਤੀ। ਮੁੰਜਾਲ ਨੇ ਦਾਅਵਾ ਕੀਤਾ ਕਿ ਬਦਲਾਅ ਦੇ ਦੌਰ ’ਚ ਪੰਜਾਬ ਈ. ਵੀ. ਦਾ ਵੱਡਾ ਹੱਬ ਬਣ ਕੇ ਉੱਭਰੇਗਾ।
ਸਥਾਨਕ ਹੋਟਲ ’ਚ ਪ੍ਰੈੱਸ ਕਾਨਫਰੰਸ ਦੌਰਾਨ ਮੁੰਜਾਲ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਯਾਮਾਹਾ ਨਾਲ ਇਲੈਕਟ੍ਰਿਕ ਡਰਾਈਵ ਜੁਆਇੰਟ ਵੈਂਚਰ ਅਤੇ ਯੂ. ਕੇ. ਹੈਵਲੈਂਡ ਨੂੰ ਟੇਕਓਵਰ ਕਰਦੇ ਹੋਏ ਟ੍ਰਾਂਸਮਿਸ਼ਨ, ਯੂਰਪੀਅਨ ਓ. ਈ. ਐੱਮ. ਲਈ ਸੀ. ਵੀ. ਟੀ. ਵਰਗੇ ਤਕਨੀਕੀ ਸਮਝੌਤੇ ਦੇ ਆਧਾਰ ’ਤੇ ਇਕ ਮਜ਼ਬੂਤ ਈ. ਵੀ. ਬੇਸ ਤਿਆਰ ਕੀਤਾ ਹੈ। ਧਨਾਨਸੂ ਵਿਚ ਈ. ਵੀ. ਦਾ ਨਵਾਂ ਪਲਾਂਟ ਲੱਗਣ ਤੋਂ ਬਾਅਦ ਕੰਪਨੀ ਹਰ ਮਹੀਨੇ 33,000 ਇਲੈਕਟ੍ਰਿਕ ਥ੍ਰੀ-ਵ੍ਹੀਲਰ ਦੀ ਬਾਡੀ ਅਤੇ ਹੋਰ ਕੰਪੋਨੈਂਟ ਬਣਾਏਗੀ। ਮੁੰਜਾਲ ਨੇ ਸਪੱਸ਼ਟ ਕੀਤਾ ਕਿ ਐੱਚ. ਐੱਮ. ਸੀ. ਸਮੂਹ ਬਾਜ਼ਾਰ ’ਚ ਅੰਤਿਮ ਉਤਪਾਦ ਨਾ ਉਤਾਰਦੇ ਹੋਏ ਕੰਪੋਨੈਂਟ ਬਣਾਉਣ ’ਤੇ ਫੋਕਸ ਕਰੇਗੀ।
ਸਾਲਾਨਾ 6000 ਕਰੋੜ ਦਾ ਟੀਚਾ
ਮੁੰਜਾਲ ਨੇ ਦੱਸਿਆ ਕਿ ਕੋਵਿਡ ਦੇ ਦੌਰ ’ਚ ਦੇਸ਼-ਵਿਦੇਸ਼ ’ਚ ਵੱਖ-ਵੱਖ ਕੰਪਨੀਆਂ ਦੀ ਐਕਵਾਇਰਮੈਂਟ ਅਤੇ ਜੁਆਇੰਟ ਵੈਂਚਰ ਦੇ ਆਧਾਰ ’ਤੇ ਸਾਲ 2022-23 ’ਚ ਹੀਰੋ ਮੋਟਰ ਕੰਪਨੀ ਨੇ ਸਾਲਾਨਾ 4500 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜਿਸ ’ਚੋਂ 2500 ਕਰੋੜ ਸਾਈਕਲ ਅਤੇ 2000 ਕਰੋੜ ਹੋਰ ਸੈਕਟਰ ਤੋਂ ਰਿਹਾ। ਉੱਥੇ ਹੀ ਕੰਪਨੀ ਆਉਂਦੇ ਸਾਲ ’ਚ ਸਾਲਾਨਾ 6000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਟੀਚਾ ਰੱਖਦੀ ਹੈ, ਜਿਸ ’ਚ ਵੱਡੀ ਭਾਈਵਾਲੀ ਈ. ਵੀ. ਸੈਗਮੈਂਟ ਦੀ ਰਹੇਗੀ।
ਯੂ. ਪੀ. ਦੀ ਇੰਡਸਟਰੀਅਲ ਪਾਲਿਸੀ ਬਿਹਤਰ
ਮੁੰਜਾਲ ਨੇ ਕਿਹਾ ਕਿ ਗ੍ਰੋਥ ਦੇ ਹਿਸਾਬ ਨਾਲ ਯੂ. ਪੀ. ਦੇ ਇੰਡਸਟਰੀਅਲ ਪਾਲਿਸੀ ਬਹੁਤ ਬਿਹਤਰ ਹੈ। ਪਿਛਲੇ ਦਿਨੀਂ ਯੂ. ਪੀ. ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਮਿਲੇ ਆਫਰ ਤੋਂ ਬਾਅਦ ਐੱਚ. ਐੱਮ. ਸੀ. ਗਰੁੱਪ ਉੱਥੇ 150 ਕਰੋੜ ਰੁਪਏ ਦਾ ਨਿਵੇਸ਼ ਕਰਦੇ ਹੋਏ 100 ਫੀਸਦੀ ਐਕਸਪੋਰਟ ਓਰੀਐਂਟੇਡ ਫੋਰਜਿੰਗ ਯੂਨਿਟ ਸਥਾਪਿਤ ਕਰ ਰਿਹਾ ਹੈ।
ਚੰਗੇ ਵੈਂਡਰਾਂ ਨਾਲ ਐੱਸ. ਐੱਮ. ਈ. ’ਤੇ ਵਿਚਾਰ
ਮੁੰਜਾਲ ਨੇ ਕਿਹਾ ਕਿ ਧਨਾਨਸੂ ਪ੍ਰਾਜੈਕਟ ਨੂੰ ਐੱਚ. ਐੱਮ. ਸੀ. ਵੈੱਲੀ ਦਾ ਰੂਪ ਦਿੰਦੇ ਹੋਏ ਆਉਂਦੇ ਦਿਨਾਂ ’ਚ ਕੰਪਨੀ 15 ਚੰਗੇ ਵੈਂਡਰਾਂ ਦੀ ਚੋਣ ਕਰ ਕੇ ਐੱਚ. ਐੱਮ. ਸੀ. ਵੈਲੀ ਦੇ ਤਹਿਤ ਐੱਸ. ਐੱਮ. ਈ. ਆਈ. ਪੀ. ਓ. ਵਰਗੀਆਂ ਸੰਭਾਵਨਾਵਾਂ ਨੂੰ ਵੀ ਐਕਸਪਲੋਰ ਕਰੇਗੀ। ਕੰਪਨੀ ਇਲੈਕਟ੍ਰਿਕ ਟੂ-ਵ੍ਹੀਲਰ, ਇਲੈਕਟ੍ਰਿਕ ਥ੍ਰੀ-ਵ੍ਹੀਲਰ, ਇਲੈਕਟ੍ਰਿਕ ਟਰੈਕਟਰ, ਇਲੈਕਟ੍ਰਿਕ ਸਕੂਟਰ, ਈ-ਗੋਲਫ ਕਾਰਟ, ਈ-ਏ. ਟੀ. ਵੀ. ਆਦਿ ਲਈ ਗਲੋਬਲ ਈ. ਵੀ. ਓ. ਈ. ਐੱਮ. ਗਾਹਕਾਂ ਨੂੰ ਕਾਂਟ੍ਰੈਕਟ ਮੈਨੂਫੈਕਚਰਿੰਗ ਮਾਡਲ ਦੀ ਪੇਸ਼ਕਸ਼ ਕਰੇਗੀ।