ਬੀ. ਪੀ. ਈ. ਏ. ਨੂੰ ਆਪਣਾ ਹੈਲਥਕੇਅਰ ਕਾਰੋਬਾਰ ਵੇਚੇਗੀ ਹਿੰਦੂਜਾ ਗਲੋਬਲ
Tuesday, Aug 10, 2021 - 05:49 PM (IST)
ਨਵੀਂ ਦਿੱਲੀ- ਹਿੰਦੂਜਾ ਗਰੁੱਪ ਦੀ ਬਿਜ਼ਨੈੱਸ ਪ੍ਰੋਸੈਸ ਪ੍ਰਬੰਧਨ ਇਕਾਈ ਹਿੰਦੂਜਾ ਗਲੋਬਲ ਸਲਿਊਸ਼ਨਜ਼ ਲਿ. (ਐੱਚ. ਜੀ. ਐੱਸ.) ਆਪਣੇ ਸਿਹਤ ਸੇਵਾ ਕਾਰੋਬਾਰ ਨੂੰ ਬੇਰਿੰਗ ਪ੍ਰਾਈਵੇਟ ਇਕੁਇਟੀ ਏਸ਼ੀਆ (ਬੀ. ਪੀ. ਈ. ਏ.) ਨਾਲ ਸਬੰਧਤ ਫੰਡਾਂ ਨੂੰ ਵੇਚੇਗੀ। ਇਹ ਸੌਦਾ 1.2 ਅਰਬ ਡਾਲਰ ਦੇ ਅਦਾਰੇ ਮੁੱਲ 'ਤੇ ਆਧਾਰਿਤ ਹੋਵੇਗਾ। ਐੱਚ. ਜੀ. ਐੱਸ. ਨੇ ਸ਼ੇਅਰ ਬਾਜ਼ਾਰਾਂ ਨੂੰ ਸੋਮਵਾਰ ਦੇਰ ਸ਼ਾਮ ਭੇਜੀ ਸੂਚਨਾ ਵਿਚ ਕਿਹਾ ਹੈ ਕਿ ਬੀ. ਪੀ. ਈ. ਏ. ਨਾਲ ਇਹ ਸੌਦਾ 120 ਕਰੋੜ ਡਾਲਰ ਦੇ ਅਦਾਰਾ ਮੁੱਲ 'ਤੇ ਆਧਾਰਿਤ ਹੈ।
ਕੰਪਨੀ ਨੇ ਕਿਹਾ ਕਿ ਸ਼ੇਅਰਧਾਰਕਾਂ ਤੇ ਹੋਰ ਰੈਗੂਲੇਟਰੀ ਮਨਜ਼ੂਰੀਆਂ ਹਾਸਲ ਕਰਨ ਪਿੱਛੋਂ ਸਾਨੂੰ ਇਹ ਸੌਦਾ 90 ਦਿਨਾਂ ਵਿਚ ਪੂਰਾ ਹੋਣ ਦੀ ਉਮੀਦ ਹੈ। ਸੌਦਾ ਪੂਰਾ ਹੋਣ ਪਿੱਛੋਂ ਐੱਚ. ਜੀ. ਐੱਸ. ਸਿਹਤ ਸੇਵਾ ਕਾਰੋਬਾਰ ਨਾਲ ਸਬੰਧਤ ਆਪਣੇ ਗਾਹਕਾਂ ਦੇ ਸਾਰੇ ਇਕਰਾਰਨਾਮੇ, ਕਰਮਚਾਰੀ ਤੇ ਜਾਇਦਾਦਾਂ ਟਰਾਂਸਫਰ ਕਰੇਗੀ।
ਕੰਪਨੀ ਦੇ ਸਿਹਤ ਸੇਵਾ ਕਾਰੋਬਾਰ ਦੇ 20,000 ਤੋਂ ਜ਼ਿਆਦਾ ਕਰਮਚਾਰੀ ਹਨ। ਇਹ ਕਰਮਚਾਰੀ ਚਾਰ ਦੇਸ਼ਾਂ- ਭਾਰਤ, ਫਿਲਪਿਨ, ਅਮਰੀਕਾ ਅਤੇ ਜਮੈਕਾ ਵਿਚ ਕੰਮ ਕਰਦੇ ਹਨ। ਬੀਤੇ ਸਾਲ ਵਿਚ ਕੰਪਨੀ ਦਾ ਕਾਰੋਬਾਰ ਤਕਰੀਬਨ 40 ਕਰੋੜ ਡਾਲਰ ਰਿਹਾ ਸੀ। ਜੂਨ 2021 ਨੂੰ ਸਮਾਪਤ ਤਿਮਾਹੀ ਵਿਚ ਐੱਚ. ਜੀ. ਐੱਸ. ਦਾ ਸ਼ੁੱਧ ਲਾਭ ਦੁੱਗਣਾ ਹੋ ਕੇ 117 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੌਰਾਨ ਕੰਪਨੀ ਦੀ ਸੰਚਾਲਨ ਆਮਦਨ 25.5 ਫ਼ੀਸਦੀ ਦੇ ਵਾਧੇ ਨਾਲ 1,550.5 ਕਰੋੜ ਰੁਪਏ ਰਹੀ। ਐੱਚ. ਜੀ. ਐੱਸ. ਗਲੋਬਲ ਦੇ ਸੀ. ਈ. ਓ. ਪਾਰਥ ਡੈਸਰਕਾਰ ਨੇ ਕਿਹਾ, ''ਅਸੀਂ ਇਸ ਵਿਕਰੀ ਸੌਦੇ ਤੋਂ ਹਾਸਲ ਰਾਸ਼ੀ ਦਾ ਇਸਤੇਮਾਲ ਰਣਨੀਤਕ ਤਰੀਕੇ ਨਾਲ ਸੰਗਠਨ ਦੀ ਭਵਿੱਖ ਦੇ ਵਿਕਾਸ ਵਿਚ ਕਰਾਂਗੇ।" ਉਨ੍ਹਾਂ ਕਿਹਾ ਕਿ ਕੰਪਨੀ ਤੇਜ਼ੀ ਨਾਲ ਆਪਣੇ ਸੀ. ਈ. ਐੱਸ. ਅਤੇ ਡਿਜੀਟਲ ਕਾਰੋਬਾਰ ਦੇ ਵਿਸਥਾਰ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ, ''ਸਾਡੀ ਭਵਿੱਖ ਦੀ ਰਣਨੀਤੀ ਤਿੰਨ ਏ..ਵਿਸ਼ਲੇਸ਼ਣ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਟੋਮੇਸ਼ਨ 'ਤੇ ਕੇਂਦਰਿਤ ਰਹੇਗੀ।''