ਹੀਰੋ ਸਾਈਕਲ ਨੇ ਪੰਜਾਬ, ਬਿਹਾਰ ਦੇ ਪਲਾਂਟਾਂ ''ਚ ਸ਼ੁਰੂ ਕੀਤਾ ਵਿਨਿਰਮਾਣ
Monday, May 11, 2020 - 11:52 PM (IST)
ਨਵੀਂ ਦਿੱਲੀ (ਭਾਸ਼ਾ)-ਹੀਰੋ ਸਾਈਕਲਜ਼ ਨੇ ਕਿਹਾ ਕਿ ਉਸ ਨੇ ਪੰਜਾਬ ਅਤੇ ਬਿਹਾਰ 'ਚ ਆਪਣੇ ਵਿਨਿਰਮਾਣ ਪਲਾਂਟਾਂ ਦਾ ਸੰਚਾਲਨ ਫਿਰ ਸ਼ੁਰੂ ਕਰ ਦਿੱਤਾ ਹੈ। ਹੀਰੋ ਸਾਈਕਲਜ਼ ਨੇ ਇਕ ਬਿਆਨ 'ਚ ਕਿਹਾ ਕਿ ਲਾਕਡਾਊਨ ਦੇ 40 ਦਿਨਾਂ ਤੋਂ ਬਾਅਦ ਬਾਜ਼ਾਰ ਖੁੱਲ੍ਹ ਰਹੇ ਹਨ। ਅਜਿਹੇ 'ਚ ਸ਼ਹਿਰੀ ਅਤੇ ਪੇਂਡੂ ਮੰਗ ਨੂੰ ਪੂਰਾ ਕਰਨ ਲਈ 30 ਫੀਸਦੀ ਉਤਪਾਦਨ ਸਮਰੱਥਾ ਨੂੰ ਸ਼ੁਰੂ ਕੀਤਾ ਗਿਆ ਹੈ।
ਕੰਪਨੀ ਨੇ ਸਬੰਧਤ ਸਥਾਨਕ ਪ੍ਰਸ਼ਾਸਨ ਵੱਲੋਂ ਨਿਰਧਾਰਤ ਮਾਪਦੰਡ ਸੰਚਾਲਨ ਪ੍ਰਕਿਰਿਆ 'ਤੇ ਅਮਲ ਕਰਦੇ ਹੋਏ ਲੁਧਿਆਣਾ (ਪੰਜਾਬ) ਅਤੇ ਬਿਹਟਾ (ਬਿਹਾਰ) 'ਚ ਆਪਣੇ ਵਿਨਿਰਮਾਣ ਪਲਾਂਟਾਂ ਨੂੰ 4 ਮਈ ਤੋਂ ਸ਼ੁਰੂ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਲਾਂਟਾਂ ਨੇ ਲੱਗਭੱਗ 800 ਕਰਮਚਾਰੀਆਂ ਦੇ ਨਾਲ ਸੰਚਾਲਨ ਸ਼ੁਰੂ ਕੀਤਾ ਹੈ।
ਹੀਰੋ ਸਾਈਕਲਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ. ਐੱਮ. ਡੀ.) ਪੰਕਜ ਐੱਮ. ਮੁੰਜਾਲ ਨੇ ਕਿਹਾ ਕਿ ਲਾਕਡਾਊਨ ਨੂੰ ਹੌਲੀ-ਹੌਲੀ ਚੁੱਕਿਆ ਜਾ ਰਿਹਾ ਹੈ, ਅਜਿਹੇ 'ਚ ਬੀਮਾਰੀ ਦੇ ਫੈਲਣ ਦਾ ਖਤਰਾ ਅਜੇ ਵੀ ਜ਼ਿਆਦਾ ਹੈ ਅਤੇ ਇਸ ਕਾਰਣ ਸਮਾਜਿਕ ਦੂਰੀ ਦੇ ਉਪਰਾਲਿਆਂ ਦੀ ਪਾਲਣਾ ਕਰਨ ਦੀ ਲੋੜ ਹੈ। ਅਜਿਹੇ ਹਾਲਾਤ 'ਚ ਦੁਨੀਆ ਭਰ 'ਚ ਲੋਕ ਭੀੜ ਵਾਲੇ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਬਜਾਏ ਸਾਈਕਲਾਂ ਨੂੰ ਪਹਿਲ ਦੇ ਰਹੇ ਹਨ।'' ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਵੀ ਲੋਕਾਂ ਨੂੰ ਬੀਮਾਰੀ ਖਿਲਾਫ ਰੋਕਥਾਮ ਦੇ ਉਪਾਅ ਦੇ ਰੂਪ 'ਚ ਜਿੰਨਾ ਸੰਭਵ ਹੋ ਸਕੇ ਸਾਈਕਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।