ਬਜਟ 2021: ਸਰਕਾਰ ਨੇ ਸਿਹਤ ਬਜਟ ਵਧਾ ਕੇ 2.23 ਲੱਖ ਕਰੋੜ ਰੁ: ਕੀਤਾ

Monday, Feb 01, 2021 - 11:42 AM (IST)

ਬਜਟ 2021: ਸਰਕਾਰ ਨੇ ਸਿਹਤ ਬਜਟ ਵਧਾ ਕੇ 2.23 ਲੱਖ ਕਰੋੜ ਰੁ: ਕੀਤਾ

ਨਵੀਂ ਦਿੱਲੀ- 1 ਫਰਵਰੀ ਨੂੰ ਆਪਣੇ ਤੀਜੇ ਬਜਟ ਦੀ ਘੋਸ਼ਣਾ ਕਰਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਸਿਹਤ ਬਜਟ ਵਿਚ ਪਿਛਲੇ ਸਾਲ ਦੇ ਮੁਕਾਬਲੇ 137 ਫ਼ੀਸਦੀ ਦਾ ਵਾਧਾ ਕਰਦਿਆਂ ਵਿੱਤੀ ਸਾਲ 2021-22 ਲਈ ਇਸ ਨੂੰ ਵਧਾ ਕੇ 2.23 ਲੱਖ ਕਰੋੜ ਕਰ ਦਿੱਤਾ ਹੈ। ਇਹ ਭਾਰਤ ਦੇ ਸਿਹਤ ਖੇਤਰ ਲਈ ਇਕ ਬਹੁਤ ਵੱਡੀ ਅਤੇ ਉਤਸ਼ਾਹਤ ਕਰਨ ਵਾਲੀ ਘੋਸ਼ਣਾ ਹੈ। ਖ਼ਾਸਕਰ ਉਦੋਂ ਜਦੋਂ ਇਹ ਖੇਤਰ ਲੰਬੇ ਸਮੇਂ ਤੋਂ ਅੰਡਰ-ਫੰਡਡ ਰਿਹਾ ਹੈ।

ਗੌਰਤਲਬ ਹੈ ਕਿ ਨੈਸ਼ਨਲ ਹੈਲਥ ਪਾਲਿਸੀ 2017 ਵਿਚ ਸਰਕਾਰ ਨੇ ਹੈਲਥਕੇਅਰ 'ਤੇ ਜੀ. ਡੀ. ਪੀ. ਦਾ 2.5-3 ਫ਼ੀਸਦੀ ਤੱਕ ਖ਼ਰਚ ਕਰਨ ਦਾ ਟੀਚਾ ਰੱਖਿਆ ਸੀ ਪਰ 2019-20 ਵਿਚ ਇਹ 1.5 ਫ਼ੀਸਦੀ ਤੱਕ ਹੀ ਪਹੁੰਚ ਸਕਿਆ। ਵਰਲਡ ਹੈਲਥ ਸਟੈਟਿਸਟਿਕਸ ਮੁਤਾਬਕ, ਸਿਹਤ 'ਤੇ ਸਰਕਾਰੀ ਖ਼ਰਚ ਦੇ ਮਾਮਲੇ ਵਿਚ ਹੁਣ ਤੱਕ 189 ਦੇਸ਼ਾਂ ਦੀ ਰੈਂਕਿੰਗ ਵਿਚ ਭਾਰਤ 179ਵੇਂ ਸਥਾਨ 'ਤੇ ਹੈ। ਇਕਨੋਮਿਕ ਸਰਵੇ ਮੁਤਾਬਕ, ਹੁਣ ਤੱਕ ਸਿਹਤ 'ਤੇ ਹੋਣ ਵਾਲੇ ਕੁੱਲ ਖ਼ਰਚ ਵਿਚ ਲੋਕਾਂ ਦੀ ਜੇਬ ਵਿਚੋਂ 65 ਫ਼ੀਸਦੀ ਜਾਂਦਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜਲਦ ਹੀ ਪ੍ਰਧਾਨ ਮੰਤਰੀ ਆਤਮਨਿਰਭਰ ਤੰਦਰੁਸਤ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਜਾਏਗੀ। ਇਸ ਯੋਜਨਾ ਤਹਿਤ ਅਗਲੇ 6 ਸਾਲਾਂ ਵਿਚ ਸਰਕਾਰ 64180 ਕਰੋੜ ਖ਼ਰਚ ਕਰੇਗੀ। ਪਿਛਲੇ ਸਾਲ 94,452 ਕਰੋੜ ਦਾ ਸਿਹਤ ਬਜਟ ਪੇਸ਼ ਕੀਤਾ ਗਿਆ ਸੀ। ਆਰਥਿਕ ਸਰਵੇਖਣ ਨੇ ਸੰਕੇਤ ਦਿੱਤਾ ਸੀ ਕਿ ਇਸ ਵਾਰ ਸਰਕਾਰ ਸਿਹਤ ਬਜਟ ‘ਤੇ ਧਿਆਨ ਕੇਂਦਰਤ ਕਰੇਗੀ ਅਤੇ ਇਸ ਦਾ ਬਜਟ ਵਧਾਇਆ ਜਾ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ 17 ਨਵੇਂ ਸਿਹਤ ਐਮਰਜੈਂਸੀ ਕੇਂਦਰ ਖੋਲ੍ਹੇ ਜਾਣਗੇ। ਸਾਰੇ ਸੂਬਿਆਂ ਦਾ ਸਿਹਤ ਡਾਟਾਬੇਸ ਤਿਆਰ ਕੀਤਾ ਜਾਵੇਗਾ। ਉੱਥੇ ਹੀ, ਮੋਬਾਈਲ ਹਸਪਤਾਲ 'ਤੇ ਜ਼ੋਰ ਦਿੱਤਾ ਜਾਵੇਗਾ।


author

Sanjeev

Content Editor

Related News