ਸਿਹਤ ਬੀਮਾ : IRDA ਨੇ ਪੁਰਾਣੀ ਬਿਮਾਰੀ ਤੇ ਹਸਪਤਾਲ 'ਚ ਭਰਤੀ ਹੋਣ ਸੰਬੰਧੀ ਨਿਯਮਾਂ 'ਚ ਕੀਤਾ ਬਦਲਾਅ
Wednesday, Feb 12, 2020 - 01:21 PM (IST)

ਨਵੀਂ ਦਿੱਲੀ — ਇੰਸ਼ੋਰੈਂਸ ਕੰਪਨੀਆਂ ਤੋਂ ਸਿਹਤ ਬੀਮਾ ਲੈਣ ਵਾਲੇ ਗਾਹਕਾਂ ਦੀ ਸਹੂਲਤ ਲਈ IRDA ਨੇ ਪਹਿਲਾਂ ਤੋਂ ਮੌਜੂਦ ਬਿਮਾਰੀ ਅਤੇ ਐਮਰਜੈਂਸੀ ਦੌਰਾਨ ਹਸਪਤਾਲ ਵਿਚ ਭਰਤੀ ਹੋਣ ਨਾਲ ਜੁੜੇ ਨਿਯਮਾਂ 'ਚ ਬਦਲਾਅ ਕੀਤਾ ਹੈ। ਪਹਿਲਾਂ ਦੇ ਨਿਯਮਾਂ ਅਨੁਸਾਰ ਜੇਕਰ ਸਿਹਤ ਬੀਮਾ ਖਰੀਦਣ ਤੋਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਕੋਈ ਬਿਮਾਰੀ ਹੋ ਜਾਂਦੀ ਸੀ ਤਾਂ ਦਾਅਵੇ ਨੂੰ ਖਾਰਜ ਕੀਤਾ ਜਾ ਸਕਦਾ ਸੀ। ਬੀਮਾ ਰੈਗੂਲੇਟਰ IRDA ਨੇ ਕਿਹਾ ਕਿ ਇਸ ਕਾਰਨ ਗਾਹਕ ਨੂੰ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਗਾਹਕ ਜਾਂ ਬੀਮਾ ਕੰਪਨੀਆਂ ਕੋਈ ਵੀ ਇਹ ਗੱਲ ਦਾਅਵੇ ਨਾਲ ਨਹੀਂ ਕਹਿ ਸਕਦੇ ਸਨ ਕਿ ਰੋਗ ਕਦੋਂ ਪੈਦਾ ਹੋਇਆ। ਨਵੇਂ ਨਿਯਮਾਂ ਅਨੁਸਾਰ ਬੀਮਾ ਕੰਪਨੀ ਦਾਅਵੇ ਨੂੰ ਰੱਦ ਨਹੀਂ ਕਰ ਸਕਦੀ ਜੇਕਰ ਪਹਿਲੇ ਤਿੰਨ ਮਹੀਨਿਆਂ ਵਿਚ ਵੀ ਕੋਈ ਨਵੀਂ ਬਿਮਾਰੀ ਸਾਹਮਣੇ ਆ ਜਾਂਦੀ ਹੈ। ਪਹਿਲਾਂ ਦੇ ਨਿਯਮਾਂ ਵਿਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਸਾਹ ਦੀ ਸਮੱਸਿਆ ਨੂੰ ਪਹਿਲਾਂ ਤੋਂ ਮੌਜੂਦ ਬਿਮਾਰੀ ਮੰਨ ਕੇ ਬੀਮਾ ਕੰਪਨੀ ਦਾਅਵੇ ਨੂੰ ਰੱਦ ਕਰ ਸਕਦੀ ਸੀ।
ਐਮਰਜੈਂਸੀ ਦੀ ਸਥਿਤੀ 'ਚ ਹਸਪਤਾਲ 'ਚ ਭਰਤੀ ਹੋਣ ਸੰਬੰਧੀ ਨਿਯਮਾਂ 'ਚ ਹੋਇਆ ਬਦਲਾਅ
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਰੈਗੂਲੇਟਰੀ ਨੇ ਨਿਯਮਾਂ ਵਿਚ ਦੂਜਾ ਬਦਲਾਅ ਐਮਰਜੈਂਸੀ ਦੌਰਾਨ ਹਸਪਤਾਲ ਵਿਚ ਭਰਤੀ ਹੋਣ ਨੂੰ ਲੈ ਕੇ ਕੀਤਾ ਹੈ। ਪਹਿਲਾਂ ਸਿਰਫ ਐਮਰਜੈਂਸੀ ਐਕਸੀਡੈਂਟ ਦੇ ਮਾਮਲੇ ਵਿਚ ਹੀ ਬਲੈਕਲਿਸਟਿਡ ਹਸਪਤਾਲਾਂ ਦੇ ਦਾਅਵੇ ਨੂੰ ਸਵੀਕਾਰ ਕੀਤਾ ਜਾਂਦਾ ਸੀ। ਨਵੇਂ ਨਿਯਮਾਂ ਮੁਤਾਬਕ ਹਾਰਟ ਅਟੈਕ ਜਾਂ ਸਟ੍ਰੋਕ ਵਰਗੀਆਂ ਸਥਿਤੀਆਂ ਵਿਚ ਵੀ ਬਲੈਕਲਿਸਟਿਡ ਹਸਪਤਾਲਾਂ ਵਿਚ ਭਰਤੀ ਨੂੰ ਬੀਮਾ ਦੇ ਦਾਇਰੇ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਬਰਥ ਕੰਟਰੋਲ ਦਾ ਖਰਚ ਵੀ ਹੋਵੇਗਾ ਕਵਰ
ਸੋਮਵਾਰ ਨੂੰ ਨਿਯਮਾਂ 'ਚ ਹੋਏ ਬਦਲਾਅ ਮੁਤਾਬਕ ਬੀਮਾ ਕੰੰਪਨੀਆਂ ਨੂੰ ਬਰਥ ਕੰਟਰੋਲ ਦੇ ਖਰਚੇ ਨੂੰ ਵੀ ਕਵਰ ਕਰਨਾ ਹੋਵੇਗਾ। ਪਹਿਲਾਂ ਬਰਥ ਕੰਟਰੋਲ, ਸਟੇਰਿਲਿਟੀ ਅਤੇ ਇਨਫਰਟਿਲਿਟੀ ਸੰਬੰਧੀ ਇਲਾਜ ਦੇ ਖਰਚ ਨੂੰ ਕਵਰ ਨਹੀਂ ਕੀਤਾ ਜਾਂਦਾ ਸੀ। ਅੱਗੇ ਤੋਂ ਮਾਰਨਿੰਗ ਪਿੱਲਸ, ਅਬੋਰਸ਼ਨ ਪਿੱਲਸ ਜਾਂ ਅਬੋਰਸ਼ਨ ਸੰਬੰਧੀ ਖਰਚਿਆਂ ਨੂੰ ਕਵਰ ਕੀਤਾ ਜਾਵੇਗਾ।