ਕਿਤੇ ਗੁਰਦਾਸ ਮਾਨ ਨਾਲ ਲੇਖਾ ਮੁਕਾਉਂਦੇ ਅਸਲ ਦੁਸ਼ਮਣ ਸੁੱਕਾ ਨਾ ਬਚ ਜਾਵੇ...
Tuesday, Sep 24, 2019 - 02:31 PM (IST)

ਹਿੰਦੀ ਦਿਵਸ ਮੌਕੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਇੱਕ ਰਾਸ਼ਟਰ ਇੱਕ ਭਾਸ਼ਾ ਵਾਲੀ ਆਖੀ ਗੱਲ ਸਾਨੂੰ ਕਿਸੇ ਨੂੰ ਵੀ ਨਹੀਂ ਪੁੱਗਦੀ। ਦੇਸ਼ ਨੂੰ ਵੀ ਨਹੀਂ ਪੁੱਗਦੀ। 22 ਰਾਸ਼ਟਰੀ ਭਾਸ਼ਾਵਾਂ ਚ ਹਿੰਦੀ ਸੰਪਰਕ ਭਾਸ਼ਾ ਪਹਿਲਾਂ ਹੀ ਹੈ ਪਰ ਕੌਮੀ ਭਾਸ਼ਾ ਨਹੀਂ। ਸ਼ਬਦ ਜਾਲ ਚ ਉਲਝ ਕੇ ਗੁਰਦਾਸ ਮੂਧੜੇ ਮੂੰਹ ਠੇਡਾ ਖਾ ਗਿਆ ਹੈ।
ਲੋਕਾਂ ਨਾਲੋਂ ਟੁੱਟ ਕੇ ਮਾਤ ਭਾਸ਼ਾਵਾਂ ਦੇ ਅਸਲ ਯੋਗਦਾਨ ਨੂੰ ਸਮਝਣ ਸਮਝਾਉਣ ਦੀ ਉਕਾਈ ਕਰ ਗਿਆ ਹੈ। ਮਾਂ ਦੀ ਥਾਂ ਮਾਸੀ ਦਾ ਹੇਜ ਜਾਗਣਾ ਸਾਡੇ ਪਿੰਡਾਂ ਵੱਲ ਚੰਗਾ ਨਹੀਂ ਗਿਣਿਆ ਜਾਂਦਾ। ਮਾਂ ਦੀ ਮੈਲੀ ਚੁੰਨੀ ਦੀ ਥਾਂ ਜੇ ਮਾਸੀ ਦੀ ਨੀਅਤ ਮੈਲੀ ਹੋਵੇ ਤਾਂ ਘਰਾਂ ਨੂੰ ਵੀਰਾਨ ਕਰ ਦੇਂਦੀ ਹੈ। ਪੰਜਾਬੀ ਨੂੰ ਤਾਂ ਹਿੰਦੀ ਤੋਂ ਇਸ ਵੇਲੇ ਸਭ ਤੋਂ ਵੱਧ ਖ਼ਤਰਾ ਹੈ। ਗੁਆਂਢ ਮੱਥਾ ਹੋਣ ਕਰਕੇ। ਰਾਜਿਸਥਾਨੀ, ਹਿਮਾਚਲੀ ਪਹਾੜੀ,ਹਰਿਆਣਵੀ ਨੂੰ ਹਿੰਦੀ ਦੀ ਅਮਰਵੇਲ ਲਗਭਗ ਚੱਟ ਗਈ ਹੈ। ਹਰਜਿੰਦਰ ਥਿੰਦ ਨਾਲ ਗੁਰਦਾਸ ਮਾਨ ਦੀ ਮੁਲਾਕਾਤ ਵਿੱਚ ਹਿੰਦੀ ਦਾ ਹੇਜ ਉਨ੍ਹਾਂ ਦਿਨਾਂ ਚ ਉਜਾਗਰ ਹੋਣਾ ਸ਼ੁਭ ਸ਼ਗਨ ਨਹੀਂ ਮੰਨਿਆ ਜਾ ਸਕਦਾ। ਪਰ ਹਰ ਗੱਲ ਨੂੰ ਗ਼ਰਜ਼ ਨਾਲ ਜੋੜ ਕੇ ਵੇਖਣਾ ਵੀ ਬਹੁਤੀ ਚੰਗੀ ਪਰਵਿਰਤੀ ਨਹੀਂ। ਗੁਰਦਾਸ ਕੋਈ ਭਾਸ਼ਾ ਮਾਹਿਰ ਨਹੀਂ, ਬਾਕੀ ਗਾਇਕਾਂ ਨਾਲੋਂ ਵੱਖ ਵਿਹਾਰ ਨਹੀਂ। ਦੱਖਣੀ ਫਿਲਮ ਅਦਾਕਾਰ ਕਮਲ ਹਸਨ ਵਾਂਗ ਸੁਚੇਤ ਕਲਾਕਾਰ ਨਹੀਂ।
ਗਾਇਕ ਦੋਸਤ ਬੁਰਾ ਨਾ ਮੰਨਣ, ਹਰਭਜਨ ਮਾਨ, ਡਾ: ਸਤਿੰਦਰ ਸਰਤਾਜ, ਭਗਵੰਤ ਮਾਨ, ਬੱਬੂ ਮਾਨ, ਵਾਰਿਸ ਭਰਾਵਾਂ ਤੇ ਪੰਮੀ ਬਾਈ ਤੋਂ ਬਿਨ ਸਾਡੇ ਗਾਇਕ ਸਮਾਜਿਕ ਸਰੋਕਾਰਾਂ ਤੇ ਸਮਾਜਿਕ ਜ਼ਿੰਮੇਵਾਰੀ ਦੇ ਓਨੇ ਭੇਤੀ ਨਹੀਂ ਹਨ, ਜਿੰਨੇ ਹੋਣੇ ਚਾਹੀਦੇ ਹਨ। ਐਬਟਸਫੋਰਡ ਘਟਨਾ 'ਚ ਗੁਰਦਾਸ ਮਾਨ ਦਾ ਬੋਲਿਆ ਵਾਕ ਉਸ ਦੇ ਕੱਦ ਬੁੱਤ ਤੋਂ ਕਿਤੇ ਹੌਲਾ ਹੈ। ਮੰਦਭਾਗਾ ਹੈ ਇੰਝ ਪਾਰਾ ਚੜ੍ਹਨਾ।
ਵਿਰੋਧ ਨਾ ਜਰਨਾ ਵੀ ਸਿਖਰੋਂ ਹੇਠ ਸੁੱਟਦਾ ਹੈ। ਇੱਕ ਬਦਬੋਲ ਲੜੀ ਬਣ ਗਿਆ ਐਡਮੰਟਨ ਤੀਕ। ਚਾਲੀ ਸਾਲ ਦੀ ਬੇਦਾਗ ਸੰਗੀਤ ਯਾਤਰਾ ਇੱਕੋ ਬੋਲ ਨਾਲ ਥੱਲੇ ਜਾ ਡਿੱਗੀ। ਮੈਂ ਨਿੱਜੀ ਤੌਰ ਤੇ ਬੇਹੱਦ ਉਦਾਸ ਹਾਂ। 'ਚੋ ਕੁਝ ਹੋਇਆ ਜਾਂ ਹੋ ਰਿਹਾ ਹੈ, ਇਹ ਸਾਡੀ ਹਿੰਸਕ ਮਾਨਸਿਕਤਾ ਤੇ ਅਨਪੜ੍ਹਤਾ ਦਾ ਪਰਛਾਵਾਂ ਹੈ। ਗਾਇਕ ਭਰਾ ਜੇ ਮੀਡੀਆ ਨਾਲ ਗੱਲਬਾਤ ਕਰਨ ਤਾਂ ਸਾਫ਼ ਕਹਿ ਦਿਆ ਕਰਨ ਕਿ ਸਾਨੂੰ ਇਸ ਮਸਲੇ ਦਾ ਕੱਖ ਵੀ ਪਤਾ ਨਹੀਂ, ਅਗਿਆਨਤਾ ਮਿਹਣਾ ਨਹੀਂ ਪਰ ਗੈਰ ਪ੍ਰਸੰਗਕ ਉੱਤਰ ਮਰਵਾ ਦਿੰਦੇ ਹਨ। ਪੰਜਾਬੀ ਪਿਆਰਿਉ!
ਕਿਤੇ ਗੁਰਦਾਸ ਮਾਨ ਨਾਲ ਲੇਖਾ ਮੁਕਾਉਂਦੇ ਅਸਲ ਦੁਸ਼ਮਣ ਸੁੱਕਾ ਨਾ ਬਚ ਜਾਵੇ। ਅਸਲ ਦੁਸ਼ਮਣ ਮਾਰਨ ਲਈ ਆਪਣੇ ਘਰੀਂ ਪੰਜਾਬੀ ਕਿਤਾਬਾਂ ਲਿਆਈਏ ਹਰ ਮਹੀਨੇ। ਵਿਸ਼ਾ ਭਾਵੇਂ ਕੋਈ ਹੋਵੇ, ਪੜ੍ਹੀਏ ਵੀ। ਬੱਚਿਆਂ ਨੂੰ ਪੜ੍ਹਨ , ਲਿਖਣ ਤੇ ਬੋਲਣ ਦੀ ਲਿਆਕਤ ਨਾਲ ਸ਼ਸਤਰ ਬੱਧ ਕਰੀਏ। ਤਲਖ਼ੀ ਤੋਂ ਮੁਕਤੀ ਹਾਸਲ ਕਰਕੇ ਆਤਮ ਚਿੰਤਨ ਜ਼ਰੂਰੀ ਹੈ।