GST ਕੌਂਸਲ ਦੀ ਬੈਠਕ ਅੱਜ, ਸੈੱਸ ਲਾਉਣ ''ਤੇ ਹੋ ਸਕਦੈ ਵਿਚਾਰ
Friday, Sep 28, 2018 - 10:23 AM (IST)
ਨਵੀਂ ਦਿੱਲੀ— ਜੀ. ਐੱਸ. ਟੀ. ਕੌਂਸਲ ਦੀ 30ਵੀਂ ਬੈਠਕ ਅੱਜ ਦਿੱਲੀ 'ਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ। ਇਸ ਬੈਠਕ 'ਚ ਕੁਝ ਰਾਜਾਂ ਦੇ ਸੈੱਸ ਕੁਲੈਕਸ਼ਨ 'ਚ ਆਈ ਕਮੀ 'ਤੇ ਚਰਚਾ ਕੀਤੀ ਜਾ ਸਕਦੀ ਹੈ, ਨਾਲ ਹੀ ਕੇਰਲ ਨੂੰ ਕੁਦਰਤੀ ਤਬਾਹੀ ਤੋਂ ਉਭਾਰਨ ਲਈ ਸੈੱਸ ਲਾਉਣ ਦਾ ਪ੍ਰਸਤਾਵ ਹੈ। ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ 2-3 ਫੀਸਦੀ ਸੈੱਸ ਲਾਉਣ 'ਤੇ ਵਿਚਾਰ ਹੋ ਸਕਦਾ ਹੈ।
ਉੱਥੇ ਹੀ ਜੀ. ਐੱਸ. ਟੀ. ਕੌਂਸਲ ਰਾਜਾਂ ਨੂੰ ਜੀ. ਐੱਸ. ਟੀ. ਕੁਲੈਕਸ਼ਨ ਲਈ ਮਹੀਨਾਵਾਰ ਟਾਰਗੇਟ ਦੇ ਸਕਦੀ ਹੈ। ਦਰਅਸਲ, ਅੱਧਾ ਦਰਜਨ ਰਾਜਾਂ ਦੇ ਕੁਲੈਕਸ਼ਨ 'ਚ ਕਮੀ ਆਈ ਹੈ। ਹਾਲਾਂਕਿ ਬੈਠਕ 'ਚ ਐੱਮ. ਐੱਸ. ਐੱਮ. ਈ. ਸੈਕਟਰ ਨੂੰ ਹੋਰ ਰਾਹਤ ਦੇਣ 'ਤੇ ਫਿਲਹਾਲ ਵਿਚਾਰ ਨਹੀਂ ਹੋਵੇਗਾ। ਜੀ. ਐੱਸ. ਟੀ. ਕੌਂਸਲ ਦੀ 30ਵੀਂ ਬੈਠਕ ਦੀ ਪ੍ਰਧਾਨਗੀ ਵਿੱਤ ਮੰਤਰੀ ਅਰੁਣ ਜੇਤਲੀ ਕਰਨਗੇ। ਕੇਰਲ ਨੂੰ ਵਿੱਤੀ ਮਦਦ ਮੁਹੱਈਆ ਕਰਾਏ ਜਾਣ ਲਈ ਕੌਂਸਲ 'ਚ ਲਿਆਂਦੇ ਗਏ ਪ੍ਰਸਤਾਵ ਨਾਲ ਹਿਮਾਚਲ ਪ੍ਰਦੇਸ਼ ਸਮੇਤ ਪੂਰਬੀ-ਉੱਤਰੀ ਰਾਜਾਂ ਨੂੰ ਵੀ ਫਾਇਦਾ ਹੋਵੇਗਾ। ਇਨ੍ਹਾਂ ਰਾਜਾਂ 'ਚ ਇਸ ਸਾਲ ਹੜ੍ਹ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਬੈਠਕ 'ਚ ਚਰਚਾ ਇਸ ਗੱਲ 'ਤੇ ਹੋਵੇਗੀ ਕਿ ਕੀ ਇਸ ਸੈੱਸ ਨੂੰ ਜੀ. ਐੱਸ. ਟੀ. ਤਹਿਤ ਸਿਰਫ ਕੇਰਲ 'ਚ ਹੀ ਲਾਗੂ ਕੀਤਾ ਜਾਵੇ ਜਾਂ ਦੇਸ਼ ਦੇ ਦੂਜੇ ਰਾਜਾਂ 'ਚ ਵੀ ਲਾਗੂ ਕੀਤਾ ਜਾਵੇ।
