500 ਟੈਕਸ ਡਿਫ਼ਾਲਟਰਾਂ 'ਤੇ ਵੱਡੀ ਕਰਵਾਈ ਦੀ ਤਿਆਰੀ, ਸ਼ਹਿਰ ਵਾਸੀ ਵੀ ਹੋ ਜਾਣ ALERT
Monday, Apr 13, 2026 - 09:34 AM (IST)
ਜ਼ੀਰਕਪੁਰ (ਧੀਮਾਨ) : ਪ੍ਰਾਪਰਟੀ ਟੈਕਸ ਬਕਾਏ ਨੂੰ ਲੈ ਕੇ ਜ਼ੀਰਕਪੁਰ ਨਗਰ ਕੌਂਸਲ ਨੇ ਹੁਣ ਸਖ਼ਤ ਰੁਖ ਅਪਣਾਉਂਦਿਆਂ ਵੱਡੀ ਕਾਰਵਾਈ ਦੀ ਤਿਆਰੀ ਕਰ ਲਈ ਹੈ। ਲੰਬੇ ਸਮੇਂ ਤੋਂ ਟੈਕਸ ਨਾ ਭਰਨ ਵਾਲੇ ਕਰੀਬ 500 ਡਿਫ਼ਾਲਟਰਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਅਤੇ ਇਹ ਸਾਰੇ ਹੁਣ ਨਗਰ ਕੌਂਸਲ ਦੇ ਸਿੱਧੇ ਰਾਡਾਰ ’ਤੇ ਹਨ। ਖ਼ਾਸ ਤੌਰ ’ਤੇ ਪੀ ਆਰ-7 ਏਅਰਪੋਰਟ ਰੋਡ ’ਤੇ ਸਥਿਤ ਕਮਰਸ਼ੀਅਲ ਯੂਨਿਟਾਂ ’ਤੇ ਨਿਗਰਾਨੀ ਵਧਾਈ ਗਈ ਹੈ, ਜਿੱਥੇ ਮਾਰਬਲ ਸਮੇਤ ਕਈ ਵਪਾਰਿਕ ਇਕਾਈਆਂ ਵੱਲੋਂ ਵੱਡੀ ਰਕਮ ਬਕਾਇਆ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਇਲਾਕਾ ਤੇਜ਼ੀ ਨਾਲ ਵਿਕਸਿਤ ਹੋ ਰਹੇ ਕਮਰਸ਼ੀਅਲ ਹੱਬ ਵਜੋਂ ਉਭਰ ਰਿਹਾ ਹੈ, ਜਿਸ ਕਰਕੇ ਇੱਥੇ ਟੈਕਸ ਬਕਾਏ ਦੇ ਮਾਮਲੇ ਪ੍ਰਸ਼ਾਸਨ ਲਈ ਸੰਵੇਦਨਸ਼ੀਲ ਬਣ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਨਗਰ ਕੌਂਸਲ ਨੇ ਪਿਛਲੇ ਵਿੱਤੀ ਸਾਲ ਦੌਰਾਨ 20 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ, ਪਰ ਵਨ ਟਾਈਮ ਸੈਟਲਮੈਂਟ ਸਕੀਮ ਦੇ ਚੱਲਦਿਆਂ ਇਹ ਆਮਦਨ ਕਰੀਬ 34 ਕਰੋੜ ਰੁਪਏ ਤੱਕ ਪਹੁੰਚ ਗਈ। ਇਸ ਦੇ ਬਾਵਜੂਦ ਕਰੋੜਾਂ ਰੁਪਏ ਹਾਲੇ ਵੀ ਬਕਾਇਆ ਹਨ, ਜੋ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਟੈਕਸ ਬ੍ਰਾਂਚ ਵੱਲੋਂ ਪਹਿਲੇ ਪੜਾਅ ’ਚ 90 ਡਿਫ਼ਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਜਦੋਂ ਕਿ ਬਾਕੀਆਂ ਨੂੰ ਵੀ ਤਰਤੀਬਵਾਰ ਨੋਟਿਸ ਭੇਜੇ ਜਾ ਰਹੇ ਹਨ। ਕਈ ਮਾਮਲਿਆਂ ’ਚ 2014 ਤੋਂ ਟੈਕਸ ਨਾ ਭਰਨ ਦੀ ਗੱਲ ਸਾਹਮਣੇ ਆਈ ਹੈ, ਜਦੋਂ ਕਿ ਖ਼ਾਲੀ ਪਲਾਟਾਂ ਦੇ ਮਾਲਕ ਵੀ ਟੈਕਸ ਅਦਾਇਗੀ ਤੋਂ ਕਤਰਾ ਰਹੇ ਹਨ।
ਸੀਲਿੰਗ ਤੱਕ ਪਹੁੰਚ ਸਕਦੀ ਕਾਰਵਾਈ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਜੇਕਰ ਕਿਸੇ ਮਾਲਕ ਵੱਲੋਂ ਤਿੰਨ ਵਾਰ ਨੋਟਿਸਾਂ ਦੇ ਬਾਵਜੂਦ ਟੈਕਸ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਅਜਿਹੀਆਂ ਪ੍ਰਾਪਰਟੀਆਂ ਨੂੰ ਸੀਲ ਕਰਨ ਤੱਕ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੈਕਸ ਰਿਕਵਰੀ ਲਈ ਟੀਮਾਂ ਨੂੰ ਮੈਦਾਨੀ ਪੱਧਰ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਰੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਧੀਨ ਬਿਨਾਂ ਕਿਸੇ ਪੱਖਪਾਤ ਦੇ ਕੀਤੀ ਜਾਵੇਗੀ। ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਟੈਕਸ ਅਦਾਇਗੀ ਕਰਕੇ ਜੁਰਮਾਨਿਆਂ ਅਤੇ ਸਖ਼ਤ ਕਾਰਵਾਈ ਤੋਂ ਬਚਣ। ਅਧਿਕਾਰੀਆਂ ਮੁਤਾਬਕ ਪ੍ਰਾਪਰਟੀ ਟੈਕਸ ਤੋਂ ਇਕੱਤਰ ਹੋਣ ਵਾਲੀ ਰਕਮ ਸੜਕਾਂ, ਸੀਵਰੇਜ, ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ’ਤੇ ਖ਼ਰਚ ਕੀਤੀ ਜਾਂਦੀ ਹੈ। ਇਸ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਟੈਕਸ ਅਦਾਇਗੀ ਕਰਕੇ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਏ। ਨਗਰ ਕੌਂਸਲ ਦੀ ਇਹ ਮੁਹਿੰਮ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਡਿਫ਼ਾਲਟਰਾਂ ’ਤੇ ਦਬਾਅ ਵਧੇਗਾ ਅਤੇ ਟੈਕਸ ਰਿਕਵਰੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
