ਕਿਸਾਨਾਂ ਨੂੰ ਮਾਰਚ 'ਚ ਮਿਲੇਗੀ ਪਹਿਲੀ ਕਿਸ਼ਤ, ਖਾਤੇ 'ਚ ਟਰਾਂਸਫਰ ਹੋਣਗੇ ਪੈਸੇ

Monday, Feb 04, 2019 - 02:58 PM (IST)

ਕਿਸਾਨਾਂ ਨੂੰ ਮਾਰਚ 'ਚ ਮਿਲੇਗੀ ਪਹਿਲੀ ਕਿਸ਼ਤ, ਖਾਤੇ 'ਚ ਟਰਾਂਸਫਰ ਹੋਣਗੇ ਪੈਸੇ

ਨਵੀਂ ਦਿੱਲੀ— ਕਿਸਾਨਾਂ ਦੇ ਖਾਤੇ 'ਚ 31 ਮਾਰਚ 2019 ਤੋਂ ਪਹਿਲਾਂ 2,000 ਰੁਪਏ ਦੀ ਪਹਿਲੀ ਕਿਸ਼ਤ ਟਰਾਂਸਫਰ ਕੀਤੀ ਜਾਵੇਗੀ। ਸਰਕਾਰ ਨੇ ਮੌਜੂਦਾ ਮਾਲੀ ਸਾਲ 'ਚ ਇਸ ਲਈ 20,000 ਕਰੋੜ ਰੁਪਏ ਰੱਖੇ ਹਨ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਹਰ ਸਾਲ ਕਿਸਾਨਾਂ ਨੂੰ 6,000 ਰੁਪਏ ਬੈਂਕ ਖਾਤੇ 'ਚ ਦਿੱਤੇ ਜਾਣਗੇ, ਨਾਲ ਹੀ ਖਾਦਾਂ ਅਤੇ ਹੋਰ ਚੀਜ਼ਾਂ 'ਤੇ ਸਬਸਿਡੀ ਵੀ ਮਿਲਦੀ ਰਹੇਗੀ। ਸਰਕਾਰ ਸਾਲ 'ਚ ਤਿੰਨ ਕਿਸ਼ਤਾਂ ਯਾਨੀ 2,000-2,000 ਰੁਪਏ ਕਰਕੇ ਇਹ ਰਾਸ਼ੀ ਦੇਵੇਗੀ।

ਉੱਥੇ ਹੀ, ਅਮਰੀਕਾ 'ਚ ਇਲਾਜ ਕਰਵਾਉਣ ਗਏ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸੰਕੇਤ ਦਿੱਤਾ ਹੈ ਕਿ ਭਵਿੱਖ 'ਚ ਇਹ ਰਾਸ਼ੀ ਹੋਰ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਸਕੀਮ ਦਾ ਪਹਿਲਾ ਸਾਲ ਹੈ। 2019-20 ਲਈ ਇਸ ਸਕੀਮ ਲਈ 75,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜੋ ਆਉਣ ਵਾਲੇ ਸਮੇਂ 'ਚ ਹੋਰ ਵਧਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਜੇਤਲੀ ਦੀ ਗੈਰ ਮੌਜੂਦਗੀ 'ਚ ਵਿੱਤ ਮੰਤਰਾਲਾ ਦੀ ਜਿੰਮੇਵਾਰੀ ਸੰਭਾਲ ਰਹੇ ਅੰਤਰਿਮ ਵਿੱਤ ਮੰਤਰੀ ਪਿਊਸ਼ ਗੋਇਲ ਨੇ ਬਜਟ 'ਚ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਇਨਕਮ ਸਪੋਰਟ ਸਕੀਮ ਦੀ ਘੋਸ਼ਣਾ ਕੀਤੀ ਸੀ। ਇਸ ਪ੍ਰੋਗਰਾਮ ਤਹਿਤ 2 ਹੈਕਟੇਅਰ ਤਕ ਵਾਲੇ ਸਾਰੇ ਕਿਸਾਨ ਪਰਿਵਾਰਾਂ ਨੂੰ ਹਰ ਸਾਲ ਮਾਲੀ ਸਹਾਇਤਾ ਦਿੱਤੀ ਜਾਵੇਗੀ।
 

12 ਕਰੋੜ ਕਿਸਾਨਾਂ ਨੂੰ ਹੋਵੇਗਾ ਫਾਇਦਾ
ਇਸ ਯੋਜਨਾ ਨਾਲ ਲਗਭਗ 12 ਕਰੋੜ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਖੇਤੀਬਾੜੀ ਰਾਜ ਮੰਤਰੀ ਗਜੇਂਦਰ ਸ਼ਖਾਵਤ ਮੁਤਾਬਕ, ਪਹਿਲੀ ਕਿਸ਼ਤ ਨਾਲ ਦੇਸ਼ ਦੇ ਤਕਰੀਬਨ 10 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਕਿਸ਼ਤ 'ਚ ਥੋੜ੍ਹੀ ਮੁਸ਼ਕਲ ਹੋ ਸਕਦੀ ਹੈ ਪਰ ਦੂਜੀ ਪੇਮੈਂਟ ਆਸਾਨੀ ਨਾਲ ਹੋ ਜਾਵੇਗੀ। ਮੰਤਰੀ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਹਨ ਉਨ੍ਹਾਂ ਨੂੰ ਜਲਦੀ ਨਾਲ ਭੁਗਤਾਨ ਹੋਵੇਗਾ। 
ਖੇਤੀਬਾੜੀ ਸਕੱਤਰ ਮੁਤਾਬਕ, ਸੰਬੰਧਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਮੌਜੂਦਾ ਜ਼ਮੀਨ ਮਾਲਕੀ ਪ੍ਰਣਾਲੀ ਨੂੰ ਲਾਭਪਾਤਰੀਆਂ ਦੀ ਪਛਾਣ ਲਈ ਵਰਤਿਆ ਜਾਵੇਗਾ। ਪਹਿਲੀ ਫਰਵਰੀ 2019 ਤਕ ਜਿਨ੍ਹਾਂ ਦਾ ਜ਼ਮੀਨੀ ਰਿਕਾਰਡ ਇਸ 'ਚ ਦਰਜ ਹੋਇਆ ਹੋਵੇਗਾ ਉਨ੍ਹਾਂ ਨੂੰ ਪਹਿਲਾਂ ਫਾਇਦਾ ਹੋਵੇਗਾ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਸਕੀਮ ਲਾਗੂ ਕਰਨ ਲਈ ਇਕ ਨੋਡਲ ਵਿਭਾਗ ਸਥਾਪਤ ਕਰਨ ਨੂੰ ਕਿਹਾ ਗਿਆ ਹੈ।


Related News