ਕਿਸਾਨਾਂ ਨੂੰ ਇਕ ਹੋਰ ਵੱਡੀ ਰਾਹਤ, ਹੁਣ ਸੌਖੀ ਮਿਲੇਗੀ PM KISAN ਸਕੀਮ

06/08/2019 3:31:03 PM

ਨਵੀਂ ਦਿੱਲੀ— ਸਰਕਾਰ ਕਿਸਾਨਾਂ ਲਈ ਸ਼ੁਰੂ ਕੀਤੀ ਗਈ 'ਪੀ. ਐੱਮ. ਕਿਸਾਨ' ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ, ਨਾਲ ਹੀ ਕਿਸਾਨਾਂ ਲਈ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਇਕ ਸਿਸਟਮ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ।

 

ਜਲਦ ਹੀ ਕਿਸਾਨ ਕਿਸੇ ਵੀ 'ਸੇਵਾ ਕੇਂਦਰ' ਤੋਂ ਸਕੀਮ ਲਈ ਅਪਲਾਈ ਕਰ ਸਕਣਗੇ। ਫਾਰਮ ਨੂੰ ਪਿੰਡ ਦੇ ਪਟਵਾਰੀ ਜਾਂ ਕਿਸੇ ਹੋਰ ਅਧਿਕਾਰਤ ਅਧਿਕਾਰੀ ਵੱਲੋਂ ਆਨਲਾਈਨ ਤਸਦੀਕ ਕੀਤਾ ਜਾ ਸਕੇਗਾ। ਇਸ ਨਾਲ ਭ੍ਰਿਸ਼ਟਾਚਾਰ ਹੋਣ ਦੀ ਸੰਭਾਵਨਾ ਨਹੀਂ ਹੋਵੇਗੀ ਤੇ ਸਕੀਮ ਤੇਜ਼ੀ ਨਾਲ ਲਾਗੂ ਹੋਵੇਗੀ।

ਹਾਲਾਂਕਿ ਮੌਜੂਦਾ ਸਿਸਟਮ ਵੀ ਨਾਲ ਹੀ ਕੰਮ ਕਰਦਾ ਰਹੇਗਾ। ਹੁਣ ਤਕ 'ਪੀ. ਐੱਮ. ਕਿਸਾਨ' ਯੋਜਨਾ ਤਹਿਤ 3.66 ਕਰੋੜ ਕਿਸਾਨ ਰਜਿਸਟਰ ਹੋਏ ਹਨ। ਇਨ੍ਹਾਂ 'ਚੋਂ 3.03 ਕਰੋੜ ਲੋਕਾਂ ਨੂੰ ਪਹਿਲੀ ਕਿਸ਼ਤ ਮਿਲ ਚੁੱਕੀ ਹੈ, ਜਦੋਂ ਕਿ 1.99 ਕਰੋੜ ਨੂੰ ਦੂਜੀ ਕਿਸ਼ਤ ਵੀ ਮਿਲ ਗਈ ਹੈ। ਸਰਕਾਰ ਦਾ ਮਕਸਦ ਇਸ ਯੋਜਨਾ ਦਾ ਫਾਇਦਾ 14.5 ਕਰੋੜ ਕਿਸਾਨਾਂ ਤਕ ਪਹੁੰਚਾਉਣਾ ਹੈ। ਇਸ ਲਈ ਆਨਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਨ 'ਤੇ ਵਿਚਾਰ ਹੋ ਰਿਹਾ ਹੈ। 'ਪੀ. ਐੱਮ. ਕਿਸਾਨ' ਯੋਜਨਾ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੇ ਖਾਤੇ 'ਚ ਹਰ ਸਾਲ 6,000 ਰੁਪਏ ਦਿੱਤੇ ਜਾਣਗੇ, ਜਦੋਂ ਕਿ 18-40 ਸਾਲ ਦੀ ਉਮਰ 'ਚ ਪੈਨਸ਼ਨ ਸਕੀਮ ਨਾਲ ਜੁੜਨ ਵਾਲੇ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ 'ਤੇ 3 ਹਜ਼ਾਰ ਰੁਪਏ ਪੈਨਸ਼ਨ ਹਰ ਮਹੀਨੇ ਮਿਲੇਗੀ। ਨਰਿੰਦਰ ਮੋਦੀ ਸਰਕਾਰ ਨੇ ਮੰਤਰੀ ਮੰਡਲ ਦੀ ਪਹਿਲੀ ਬੈਠਕ 'ਚ ਕਿਸਾਨਾਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੱਤੀ ਸੀ।


Related News