ਪੈਟਰੋਲ, ਡੀਜ਼ਲ ਹੋ ਸਕਦਾ ਹੈ ਮਹਿੰਗਾ, ਸਰਕਾਰ ਨੇ ਕਰ ''ਤਾ ਡਿਊਟੀ ''ਚ ਵਾਧਾ

Saturday, Mar 14, 2020 - 03:54 PM (IST)

ਪੈਟਰੋਲ, ਡੀਜ਼ਲ ਹੋ ਸਕਦਾ ਹੈ ਮਹਿੰਗਾ, ਸਰਕਾਰ ਨੇ ਕਰ ''ਤਾ ਡਿਊਟੀ ''ਚ ਵਾਧਾ

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰਾਂ 'ਚ ਕੱਚਾ ਤੇਲ ਸਸਤਾ ਹੋਣ ਵਿਚਕਾਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਹੈ। ਇਸ ਨਾਲ ਪੈਟਰੋਲ ਤੇ ਡੀਜ਼ਲ ਦੋਵੇਂ ਮਹਿੰਗੇ ਹੋਣਗੇ। ਸਰਕਾਰ ਵੱਲੋਂ 14 ਮਾਰਚ ਤੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 3 ਰੁਪਏ ਪ੍ਰਤੀ ਲਿਟਰ ਵਧਾਈ ਗਈ ਹੈ। ਸਰਕਾਰ ਨੇ ਇਸ ਵਿਸ਼ੇਸ਼ ਡਿਊਟੀ 'ਚ ਵਾਧਾ ਉਸ ਵਕਤ ਕੀਤਾ ਹੈ ਜਦੋਂ ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀ ਕੀਮਤ ਲਗਭਗ 30 ਫੀਸਦੀ ਘੱਟ ਕੇ 33.85 ਡਾਲਰ ਪ੍ਰਤੀ ਬੈਰਲ ਹੋ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਕੱਚਾ ਤੇਲ ਸਸਤਾ ਹੋਣ ਦਾ ਪੂਰਾ ਫਾਇਦਾ ਗਾਹਕਾਂ ਨੂੰ ਨਹੀਂ ਮਿਲਣ ਵਾਲਾ। ਪੈਟਰੋਲ-ਡੀਜ਼ਲ 'ਤੇ 2 ਰੁਪਏ ਪ੍ਰਤੀ ਲਿਟਰ ਸਪੈਸ਼ਲ ਡਿਊਟੀ ਵਧਾਈ ਗਈ ਹੈ, ਜਦੋਂ ਕਿ 1 ਰੁਪਏ ਪ੍ਰਤੀ ਲਿਟਰ ਦਾ ਰੋਡ ਤੇ ਇੰਫਰਾ ਸੈੱਸ ਲਗਾਇਆ ਹੈ।

 

ਕਿੰਨੀ ਹੋਈ ਡਿਊਟੀ-

PunjabKesari

ਪੈਟਰੋਲ-ਡੀਜ਼ਲ ਦੀ ਬੇਸ ਕੀਮਤ 'ਚ ਐਕਸਾਈਜ਼ ਡਿਊਟੀ ਤੋਂ ਇਲਾਵਾ ਡੀਲਰ ਕਮਿਸ਼ਨ ਤੇ ਹੋਰ ਚਾਰਜ ਜੁੜਦੇ ਹਨ, ਜਿਸ 'ਤੇ ਸੂਬਾ ਸਰਕਾਰ ਵੱਲੋਂ ਫਿਰ VAT (ਵੈਟ) ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਦੀ ਕੀਮਤ ਨਿਰਧਾਰਤ ਹੁੰਦੀ ਹੈ। ਪੈਟਰੋਲ-ਡੀਜ਼ਲ ਕੀਮਤਾਂ 'ਚ ਰੋਜ਼ਾਨਾ ਬਦਲਾਵ ਕੀਤਾ ਜਾਂਦਾ ਹੈ।



ਪੰਜਾਬ 'ਚ ਕੀਮਤਾਂ-
ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 'ਚ 13 ਪੈਸੇ ਅਤੇ ਡੀਜ਼ਲ ਦੇ ਰੇਟ 'ਚ 16 ਪੈਸੇ ਦੀ ਕਟੌਤੀ ਕੀਤੀ ਗਈ ਹੈ। ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 69 ਰੁਪਏ 56 ਪੈਸੇ ਅਤੇ ਡੀਜ਼ਲ ਦੀ 61 ਰੁਪਏ 68 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 70 ਰੁਪਏ 48 ਪੈਸੇ ਅਤੇ ਡੀਜ਼ਲ ਦੀ 62 ਰੁਪਏ 16 ਪੈਸੇ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 70 ਰੁਪਏ 43 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 62 ਰੁਪਏ 10 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

PunjabKesari
ਪਟਿਆਲਾ 'ਚ ਪੈਟਰੋਲ ਦੀ ਕੀਮਤ 70 ਰੁਪਏ 34 ਪੈਸੇ ਅਤੇ ਡੀਜ਼ਲ ਦੀ ਕੀਮਤ 62 ਰੁਪਏ 02 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 70 ਰੁਪਏ 75 ਪੈਸੇ ਅਤੇ ਡੀਜ਼ਲ ਦੀ 62 ਰੁਪਏ 40 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 66 ਰੁਪਏ 08 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 59 ਰੁਪਏ 58 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਕੱਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ, ਇਹ ਤੇਲ ਮਾਰਕੀਟਿੰਗ ਕੰਪਨੀਆਂ 'ਤੇ ਨਿਰਭਰ ਹੈ ਕਿ ਉਹ ਇਸ ਦਾ ਬੋਝ ਗਾਹਕਾਂ 'ਤੇ ਪਾਉਣਗੀਆਂ ਜਾਂ ਨਹੀਂ ਕਿਉਂਕਿ ਕੱਚਾ ਤੇਲ ਪਹਿਲਾਂ ਹੀ ਬਹੁਤ ਸਸਤਾ ਹੋ ਚੁੱਕਾ ਹੈ। ਕੱਚਾ ਤੇਲ ਸਸਤਾ ਹੋਣ ਦਾ ਗਾਹਕਾਂ ਨੂੰ ਫਾਇਦਾ ਵੀ ਨਾ ਦਿੱਤਾ ਜਾਵੇ ਅਤੇ ਐਕਸਾਈਜ਼ ਡਿਊਟੀ ਵਧਣ ਨਾਲ ਮਹਿੰਗਾ ਵੀ ਨਾ ਕਰਨਾ ਪਵੇ ਇਸ ਲਈ ਕੀਮਤਾਂ ਨੂੰ ਸਥਿਰ ਵੀ ਰੱਖਿਆ ਜਾ ਸਕਦਾ ਹੈ।


Related News