ਕਿਸਾਨਾਂ ਨੂੰ ਸਰਕਾਰ ਦਾ ਵੱਡਾ ਤੋਹਫਾ, ਪਿਆਜ਼ ਦੀ ਬਰਾਮਦ ''ਤੇ ਰੋਕ ਹਟਾਈ

02/27/2020 3:32:55 PM

ਨਵੀਂ ਦਿੱਲੀ— ਸਰਕਾਰ ਨੇ ਪਿਆਜ਼ਾਂ ਦੀ ਬਰਾਮਦ 'ਤੇ ਲਗਭਗ 6 ਮਹੀਨੇ ਪੁਰਾਣੀ ਪਾਬੰਦੀ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਹਾੜੀ ਦੀ ਫਸਲ ਕਾਰਨ ਕੀਮਤਾਂ ਤੇਜ਼ੀ ਨਾਲ ਘਟਣ ਦੀ ਸੰਭਾਵਨਾ ਹੈ। ਇਹ ਫੈਸਲਾ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਮੰਤਰੀ ਸਮੂਹ (ਜੀ. ਓ. ਐੱਮ.) ਦੀ ਇਕ ਮੀਟਿੰਗ 'ਚ ਲਿਆ ਗਿਆ ਹੈ, ਜੋ ਡਾਇਰੈਕਟੋਰੇਟ ਜਨਰਲ ਫੌਰਨ ਟਰੇਡ (ਡੀ. ਜੀ. ਐੱਫ. ਟੀ.) ਵੱਲੋਂ ਇਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ 'ਤੇ ਪ੍ਰਭਾਵੀ ਹੋ ਜਾਵੇਗਾ।

ਇਸ ਮੀਟਿੰਗ 'ਚ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਣਜ ਮੰਤਰੀ ਪਿਊਸ਼ ਗੋਇਲ ਤੇ ਕੈਬਨਿਟ ਸਕੱਤਰ ਰਾਜੀਵ ਗੌਬਾ ਵੀ ਮੌਜੂਦ ਸਨ।

 

ਸਰਕਾਰ ਦਾ ਕਹਿਣਾ ਹੈ ਕਿ ਕੀਮਤਾਂ ਹੁਣ ਸਥਿਰ ਹੋ ਗਈਆਂ ਹਨ ਤੇ ਵੱਡੀ ਮਾਤਰਾ 'ਚ ਫਸਲ ਮੰਡੀਆਂ 'ਚ ਪਹੁੰਚ ਰਹੀ ਹੈ। ਇਸ ਲਈ ਪਿਆਜ਼ 'ਤੇ ਹੋਰ ਪਾਬੰਦੀ ਨਾਲ ਕੀਮਤਾਂ ਨੂੰ ਨੁਕਸਾਨ ਹੋ ਸਕਦਾ ਹੈ, ਜੋ ਕਿਸਾਨਾਂ ਲਈ ਠੀਕ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਸਤੰਬਰ 'ਚ ਪਿਆਜ਼ਾਂ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਸੀ, ਜਦੋਂ ਬਾਜ਼ਾਰ 'ਚ ਇਨ੍ਹਾਂ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਤੋਂ ਵੀ ਪਾਰ ਨਿਕਲ ਗਈ ਸੀ। ਇਸ ਦੇ ਨਾਲ ਹੀ ਸਰਕਾਰ ਨੇ ਇਸ ਦੀ ਸਟਾਕ ਲਿਮਟ ਵੀ ਨਿਰਧਾਰਤ ਕਰ ਦਿੱਤੀ ਸੀ ਅਤੇ ਭਾਰਤੀ ਬਾਜ਼ਾਰਾਂ 'ਚ ਕੀਮਤਾਂ ਨੂੰ ਕੰਟਰੋਲ ਕਰਨ ਲਈ ਮਿਸਰ, ਅਫਗਾਨਿਸਤਾਨ ਤੇ ਤੁਰਕੀ ਤੋਂ ਪਿਆਜ਼ ਦਰਾਮਦ ਕੀਤੇ ਗਏ ਸਨ।

ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਪ੍ਰਚੂਨ ਬਾਜ਼ਾਰਾਂ 'ਚ ਪਿਆਜ਼ ਦੀਆਂ ਕੀਮਤਾਂ 30-40 ਰੁਪਏ ਪ੍ਰਤੀ ਕਿਲੋ ਤੱਕ ਆ ਗਈਆਂ ਹਨ। ਭਾਰੀ ਸਪਲਾਈ ਨਾਲ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਹਨ। ਬਰਾਮਦ ਕਿਸਾਨਾਂ ਨੂੰ ਮਿਹਨਤਾਨਾ ਮੁੱਲ ਪ੍ਰਾਪਤ ਕਰਨ 'ਚ ਸਹਾਇਤਾ ਕਰੇਗੀ।


Related News