ਨਵੇਂ ਸਾਲ ''ਚ ਮੋਦੀ ਸਰਕਾਰ 6 ਕਰੋੜ ਕਿਸਾਨਾਂ ਨੂੰ ਵੰਡੇਗੀ 12 ਹਜ਼ਾਰ ਕਰੋੜ ਰੁਪਏ

01/01/2020 3:39:05 PM

ਨਵੀਂ ਦਿੱਲੀ — ਕੇਂਦਰ ਸਰਕਾਰ ਨਵੇਂ ਸਾਲ 'ਤੇ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। 2 ਜਨਵਰੀ ਨੂੰ ਮੋਦੀ ਸਰਕਾਰ ਦੀ ਫਲੈਗਸ਼ਿਪ PM-Kisan ਯੋਜਨਾ ਤਹਿਤ ਕਰੋੜਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਕ ਰਿਪੋਰਟ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਰਨਾਟਕ ਦੇ ਤੁਮਕੁਰ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ 6 ਕਰੋੜ ਕਿਸਾਨਾਂ ਲਈ 12,000 ਕਰੋੜ ਦੀ ਰਕਮ ਜਾਰੀ ਕਰਨਗੇ। ਸੂਤਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਦਸੰਬਰ ਮਹੀਨੇ ਦੀ 2,000 ਰੁਪਏ ਦੀ ਕਿਸ਼ਤ ਨਹੀਂ ਮਿਲੀ ਹੈ। ਸਰਕਾਰ ਦੀ ਯੋਜਨਾ ਕਿਸਾਨਾਂ ਨੂੰ ਨਵੇਂ ਸਾਲ ਮੌਕੇ ਇਕਮੁਸ਼ਤ ਰਕਮ ਦੇਣ ਦੀ ਹੈ।

14 ਕਰੋੜ ਕਿਸਾਨਾਂ ਨੂੰ ਫਾਇਦਾ ਮਿਲਣ ਦਾ ਅੰਦਾਜ਼ਾ

ਇਸ ਵਿੱਤੀ ਸਾਲ ਦੀ ਇਹ ਆਖਰੀ ਕਿਸ਼ਤ ਹੋਵੇਗੀ। ਇਸ ਕਿਸ਼ਤ 'ਚ 6.5 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਇਨ੍ਹਾਂ ਕਿਸਾਨਾਂ ਦਾ ਡਾਟਾ ਉਨ੍ਹਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਨਾਲ ਵੈਰੀਫਾਈ ਕਰ ਲਿਆ ਗਿਆ ਹੈ। ਸਰਕਾਰ ਦੀ ਇਸ ਯੋਜਨਾ 'ਚ 14 ਕਰੋੜ ਕਿਸਾਨਾਂ ਨੂੰ ਫਾਇਦਾ ਮਿਲਣ ਦਾ ਅੰਦਾਜ਼ਾ ਹੈ। ਕੇਂਦਰ ਸਰਕਾਰ  29 ਦਸੰਬਰ ਤੱਕ ਲਗਭਗ 9.2 ਕਰੋੜ ਕਿਸਾਨਾਂ ਦਾ ਡਾਟਾ ਇਕੱਠਾ ਕਰ ਚੁੱਕੀ ਹੈ।

ਉੱਤਰ ਪ੍ਰਦੇਸ਼ 'ਚ ਕੁੱਲ 2.4 ਕਰੋੜ ਕਿਸਾਨ ਹਨ ਜਿਨ੍ਹਾਂ ਵਿਚੋਂ 2 ਕਰੋੜ ਕਿਸਾਨਾਂ ਦਾ ਡਾਟਾ ਇਕੱਠਾ ਹੋ ਚੁੱਕਾ ਹੈ। ਇਸ ਸਕੀਮ ਵਿਚ ਬਸ ਪੱਛਮੀ ਬੰਗਾਲ ਦੇ ਕਿਸਾਨਾਂ ਦਾ ਡਾਟਾ ਸ਼ਾਮਲ ਨਹੀਂ ਹੈ ਕਿਉਂਕਿ ਇਥੋਂ ਦੀ ਮਮਤਾ ਸਰਕਾਰ ਨੇ ਕਿਸਾਨਾਂ ਦਾ ਡਾਟਾ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਵਿੱਤੀ ਸਾਲ 2019 'ਚ ਸਰਕਾਰ ਨੇ 6,000 ਕਰੋੜ ਰੁਪਏ ਕੀਤੇ ਟਰਾਂਸਫਰ

ਇਹ ਯੋਜਨਾ ਸ਼ੁਰੂ ਹੋਣ ਦੇ ਬਾਅਦ ਤੋਂ 30 ਨਵੰਬਰ 2019 ਤੱਕ ਕੇਂਦਰ ਸਰਕਾਰ 35,955.66 ਕਰੋੜ ਰੁਪਏ ਦੀ ਰਕਮ ਪਹਿਲੀ ਕਿਸ਼ਤ 7.62 ਕਰੋੜ ਕਿਸਾਨਾਂ, ਦੂਜੀ ਕਿਸ਼ਤ 6.5 ਕਰੋੜ ਕਿਸਾਨਾਂ ਅਤੇ ਤੀਜੀ ਕਿਸ਼ਤ 3.86 ਕਰੋੜ ਕਿਸਾਨਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਚੁੱਕੀ ਹੈ। ਵਿੱਤੀ ਸਾਲ 2019 'ਚ ਸਰਕਾਰ ਨੇ 6,000 ਕਰੋੜ ਰੁਪਏ ਟਰਾਂਸਫਰ ਕੀਤੇ ਹਨ।


Related News