ਸਰਕਾਰ ਵਲੋਂ ਪਿਆਜ਼ ਦੀਆਂ ਦੋ ਕਿਸਮਾਂ ਦੀ ਬਰਾਮਦ ਨੂੰ ਹਰੀ ਝੰਡੀ
Saturday, Oct 10, 2020 - 09:35 PM (IST)
ਨਵੀਂ ਦਿੱਲੀ– ਸਰਕਾਰ ਨੇ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ’ਚ ਢਿੱਲ ਦਿੰਦੇ ਹੋਏ ‘ਬੰਗਲੌਰ ਰੋਜ਼’ ਅਤੇ ‘ਕ੍ਰਿਸ਼ਨਾਪੁਰਮ’ ਕਿਸਮ ਦੇ ਪਿਆਜ਼ ਦੀ ਬਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਛੋਟ ਦੇ ਨਾਲ ਹੀ ਕੁਝ ਸ਼ਰਤਾਂ ਵੀ ਜੋੜੀਆਂ ਗਈਆਂ ਹਨ। ਪਿਆਜ਼ ਦੀ ਬਰਾਮਦ ’ਤੇ 14 ਸਤੰਬਰ ਨੂੰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਕਿ ਘਰੇਲੂ ਬਾਜ਼ਾਰ ’ਚ ਇਸ ਦੀ ਸਪਲਾਈ ਵਧਾਈ ਜਾ ਸਕੇ।
ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਦੇ ਇਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ 31 ਮਾਰਚ, 2021 ਤੱਕ ਬੰਗਲੌਰ ਰੋਜ਼ ਅਤੇ ਕ੍ਰਿਸ਼ਨਾਪੁਰਮ ਪਿਆਜ਼ ਦੇ 10,000 ਟਨ ਤੱਕ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਗਈ ਹੈ। ਨੋਟੀਫਿਕੇਸ਼ਨ ਮੁਤਾਬਕ ਇਸ ਦੀ ਬਰਾਮਦ ਸਿਰਫ ਚੇਨਈ ਬੰਦਰਗਾਹ ਤੋਂ ਕੀਤੀ ਜਾ ਸਕੇਗੀ। ਕਰਨਾਟਕ ਦੇ ਕਿਸਾਨਾਂ ਨੇ ਸਰਕਾਰ ਤੋਂ 10,000 ਟਨ ਬੰਗਲੌਰ ਰੋਜ਼ ਕਿਸਮ ਦੇ ਪਿਆਜ਼ ਦੀ ਬਰਾਮਦ ਦੀ ਛੋਟ ਦਿੱਤੇ ਜਾਣ ਦੀ ਅਪੀਲ ਕੀਤੀ ਸੀ, ਕਿਉਂਕਿ ਇਹ ਪਿਆਜ਼ ਭਾਰਤੀ ਬਾਜ਼ਾਰ ’ਚ ਨਹੀਂ ਵਿਕਦਾ ਹੈ।
ਇਸ ਦੀ ਮੰਗ ਮਲੇਸ਼ੀਆ, ਸਿੰਗਾਪੁਰ, ਤਾਈਵਾਨ ਅਤੇ ਥਾਈਲੈਂਡ ਵਰਗੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ’ਚ ਜ਼ਿਆਦਾ ਹੈ। ਬੰਗਲੌਰ ਰੋਜ਼ ਪਿਆਜ਼ ਦੇ ਬਰਾਮਦਕਾਰਾਂ ਨੂੰ ਕਰਨਾਟਕ ਸਰਕਾਰ ਨੇ ਬਾਗਵਾਨੀ ਕਮਿਸ਼ਨਰ ਤੋਂ ਵਸਤੂ ਅਤੇ ਉਸ ਦੀ ਮਾਤਰਾ ਦਾ ਸਰਟੀਫਿਕੇਟ ਲੈਣਾ ਹੋਵੇਗਾ। ਇਸ ਤਰ੍ਹਾਂ ਕ੍ਰਿਸ਼ਨਾਪੁਰਮ ਪਿਆਜ਼ ਦੇ ਬਰਾਮਦਕਾਰਾਂ ਨੂੰ ਆਂਧਰਾ ਪ੍ਰਦੇਸ਼ ਸਰਕਾਰ ਤੋਂ ਸਰਟੀਫਿਕੇਟ ਲੈਣਾ ਹੋਵੇਗਾ।