‘ਦਾਲ ਚੋਰਾਂ’ ’ਤੇ ਸਰਕਾਰ ਦਾ ਐਕਸ਼ਨ, ਰਿਟੇਲਰਜ਼ ਨੂੰ 15 ਤੋਂ 20 ਫੀਸਦੀ ਘੱਟ ਕਰਨੀ ਪਵੇਗੀ ਕੀਮਤ

Tuesday, Dec 24, 2024 - 05:13 AM (IST)

‘ਦਾਲ ਚੋਰਾਂ’ ’ਤੇ ਸਰਕਾਰ ਦਾ ਐਕਸ਼ਨ, ਰਿਟੇਲਰਜ਼ ਨੂੰ 15 ਤੋਂ 20 ਫੀਸਦੀ ਘੱਟ ਕਰਨੀ ਪਵੇਗੀ ਕੀਮਤ

ਨਵੀਂ ਦਿੱਲੀ – ਪਿਛਲੇ ਕੁਝ ਮਹੀਨਿਆਂ ’ਚ ਸਰਕਾਰ ਨੇ ਕਈ ਵਾਰ ਥੋਕ ਬਾਜ਼ਾਰ ’ਚ ਕੀਮਤਾਂ ਘਟਣ ਦੇ ਬਾਵਜੂਦ ਪ੍ਰਚੂਨ ਬਾਜ਼ਾਰ ’ਚ ਦਾਲ ਦੀਆਂ ਕੀਮਤਾਂ ਨਾ ਘਟਣ ਨੂੰ ਲੈ ਕੇ ਰਿਟੇਲ ਇੰਡਸਟ੍ਰੀ ਨੂੰ ਚਿਤਾਵਨੀ ਦਿੱਤੀ ਸੀ ਅਤੇ ਕੀਮਤਾਂ ਘਟਾਉਣ ਲਈ ਕਿਹਾ ਸੀ। 

ਹੋਲਸੇਲ ਮਾਰਕੀਟ ’ਚ ਤਾਂ ਅਰਹਰ ਦਾਲ ਹੋਵੇ ਜਾਂ ਛੋਲਿਆਂ ਦੀ ਦਾਲ, ਮਸਰ ਜਾਂ ਮਾਂਹ ਜਾਂ ਮੂੰਗੀ ਇਨ੍ਹਾਂ ਸਾਰੀਆਂ ਦਾਲਾਂ ਦੀਆਂ ਕੀਮਤਾਂ 5 ਤੋਂ 20 ਫੀਸਦੀ ਤੱਕ ਘੱਟ ਹੋਈਆਂ ਹਨ ਪਰ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਿਟੇਲ ਮਾਰਕੀਟ ’ਚ ਕੀਮਤਾਂ ਅਜੇ ਵੀ ਜ਼ਿਆਦਾ ਬਣੀਆਂ ਹੋਈਆਂ ਹਨ। ਹੁਣ ਇਸ ਨੂੰ ਲੈ ਕੇ ਸਰਕਾਰ ਫਿਰ ਤੋਂ ਹਰਕਤ ’ਚ ਆ ਗਈ ਹੈ।

ਸਰਕਾਰ ਨੇ ਰਿਟੇਲਰਜ਼ ’ਤੇ ਕੀਮਤ ਘਟਾਉਣ ਲਈ ਬਣਾਇਆ ਦਬਾਅ
ਖਪਤਕਾਰ ਮਾਮਲਿਆਂ ਅਤੇ ਖੁਰਾਕ ਸਪਲਾਈ ਮੰਤਰਾਲਾ ਦੇ ਅਧਿਕਾਰੀਆਂ ਨੇ ਹਾਲ ਹੀ ’ਚ ਦਾਲਾਂ ਦੀਆਂ ਕੀਮਤਾਂ ਨੂੰ ਲੈ ਕੇ ਰਿਟੇਲਰਜ਼ ਐਸੋਸੀਏਸ਼ਨ ਆਫ ਇੰਡੀਆ ਅਤੇ ਵੱਡੀਆਂ ਰਿਟੇਲ ਚੇਨ ਕੰਪਨੀਆਂ ਨਾਲ ਮਹੱਤਵਪੂਰਨ ਬੈਠਕ ਕੀਤੀ ਹੈ। ਹਦਾਇਤਾਂ ਦੇ ਬਾਵਜੂਦ ਰਿਟੇਲ ਮਾਰਕੀਟ ’ਚ ਦਾਲਾਂ ਦੀਆਂ ਕੀਮਤਾਂ ਨਾ ਘਟਣ ਨੂੰ ਲੈ ਕੇ ਸਰਕਾਰ ਨੇ ਆਪਣੀ ਨਾਰਾਜ਼ਗੀ ਜਤਾਈ ਹੈ।

ਹੁਣ ਸਰਕਾਰ ਨੇ ਰਿਟੇਲਰਜ਼ ’ਤੇ 15 ਤੋਂ 20 ਫੀਸਦੀ ਤੱਕ ਦਾਲ ਦੀਆਂ ਕੀਮਤਾਂ ’ਚ ਕਮੀ ਲਿਆਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੂੰ ਲੱਗਦਾ ਹੈ ਕਿ ਹੋਲਸੇਲ ਮੰਡੀ ਦੀਆਂ ਕੀਮਤਾਂ ਅਤੇ ਦਾਲਾਂ ਦੀਆਂ ਕੀਮਤਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਰਿਟੇਲਰਜ਼ ਜ਼ਿਆਦਾ ਮੁਨਾਫਾ ਬਣਾ ਰਹੇ ਹਨ। ਦਾਲਾਂ ਦੀਆਂ ਕੀਮਤਾਂ ’ਚ ਕਮੀ ਨਹੀਂ ਆਈ ਤਾਂ ਸਰਕਾਰ ਖੁੱਲ੍ਹੇ ਬਾਜ਼ਾਰ ’ਚ ਭਾਰਤ ਦਾਲ ਦੀ ਸੇਲ ਨੂੰ ਵਧਾਉਣ ’ਤੇ ਵੀ ਵਿਚਾਰ ਕਰ ਸਕਦੀ ਹੈ।

ਪ੍ਰਚੂਨ ਮਾਰਕੀਟ ’ਚ ਸਸਤੀ ਨਹੀਂ ਹੋਈ ਦਾਲ
ਹੋਲਸੇਲ ਮੰਡੀਆਂ ’ਚ ਅਰਹਰ ਅਤੇ ਮਾਂਹ ਦੀਆਂ ਕੀਮਤਾਂ ’ਚ ਪਿਛਲੇ ਕੁਝ ਮਹੀਨਿਆਂ ’ਚ ਔਸਤਨ 10 ਤੋਂ 20 ਫੀਸਦੀ ਤੱਕ ਦੀ ਕਮੀ ਆਈ ਹੈ ਪਰ ਰਿਟੇਲ ਕੀਮਤਾਂ ਜਿਓਂ ਦੀਆਂ ਤਿਓਂ ਬਣੀਆਂ ਹੋਈਆਂ ਹਨ।
ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਜ਼ ਦੀ ਪ੍ਰਾਈਜ਼ ਮਾਨੀਟਰਿੰਗ ਡਿਵੀਜ਼ਨ ਅਨੁਸਾਰ 22 ਦਸੰਬਰ 2023 ਨੂੰ ਅਰਹਰ ਦਾਲ 153.79 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਸੀ, ਜੋ 22 ਦਸੰਬਰ 2024 ਨੂੰ 157.06 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਹੈ। ਛੋਲਿਆਂ ਦੀ ਦਾਲ ਇਕ ਸਾਲ ਪਹਿਲਾਂ 83.44 ਰੁਪਏ ਪ੍ਰਤੀ ਕਿਲੋ ’ਚ ਿਮਲ ਰਹੀ ਸੀ, ਜੋ ਹੁਣ 93.09 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਹੈ।

ਰਿਟੇਲਰਜ਼ ਕਰ ਰਹੇ ਮੁਨਾਫਾਖੋਰੀ!
ਮਾਂਹ ਦੀ ਦਾਲ ਬੀਤੇ ਸਾਲ 22 ਦਸੰਬਰ 2023 ਨੂੰ 123.03 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਸੀ, ਜੋ ਹੁਣ 123.38 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਹੈ। ਮੂੰਗ ਦਾਲ ਇਕ ਸਾਲ ਪਹਿਲਾਂ 116.47 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਹੈ ਅਤੇ ਹੁਣ 113.02 ਰੁਪਏ ’ਚ ਮਿਲ ਰਹੀ ਹੈ।

ਮਸਰ  ਦਾਲ ਦੀ ਕੀਮਤ ਇਕ ਸਾਲ ਪਹਿਲਾਂ 93.97 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 88.55 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਹੈ। ਇਥੋਂ ਤੱਕ ਕਿ ਭਾਰਤ ਦਾਲ ਦੇ ਰੂਪ ’ਚ ਸਰਕਾਰ ਜੋ ਛੋਲਿਆਂ ਦੀ ਦਾਲ ਵੇਚਦੀ ਹੈ, ਉਹ ਵੀ ਇਕ ਸਾਲ ਪਹਿਲਾਂ 79.93 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਸੀ ਅਤੇ ਹੁਣ 88.12 ਰੁਪਏ ਪ੍ਰਤੀ ਕਿਲੋ ’ਚ ਮਿਲ ਰਹੀ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਹੋਲਸੇਲ ਪ੍ਰਾਈਜ਼ ਘਟਣ ਦੇ ਬਾਵਜੂਦ ਖਪਤਕਾਰਾਂ ਨੂੰ ਕੀਮਤਾਂ ਘਟਣ ਦਾ ਲਾਭ ਨਹੀਂ ਮਿਲ ਰਿਹਾ ਹੈ।


author

Inder Prajapati

Content Editor

Related News