ਨੋਇਡਾ ’ਚ ਜੀ. ਐੱਸ. ਟੀ. ਵਿਭਾਗ 10-15 ਸਾਲ ਪੁਰਾਣੇ ਮਾਮਲਿਆਂ ’ਚ ਦੇ ਰਿਹੈ ਨੋਟਿਸ : ਉਦਯੋਗ ਸੰਗਠਨ

Sunday, Dec 15, 2024 - 04:34 PM (IST)

ਨੋਇਡਾ, (ਭਾਸ਼ਾ)- ਗੌਤਮ ਬੁੱਧ ਨਗਰ ’ਚ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਵਿਭਾਗ ਉਦਯੋਗਪਤੀਆਂ ਨੂੰ 10 ਤੋਂ 15 ਸਾਲ ਪੁਰਾਣੇ ਮਾਮਲਿਆਂ ’ਚ ਨੋਟਿਸ ਭੇਜ ਰਿਹਾ ਹੈ। ਇਕ ਉਦਯੋਗ ਸੰਗਠਨ ਨੇ ਇਹ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਨਾਲ ਵਪਾਰੀਆਂ ’ਚ ਰੋਸ ਹੈ। ਕਈ ਉੱਦਮੀਆਂ ਦਾ ਦਾਅਵਾ ਹੈ ਕਿ ਟੈਕਸ ਜਮ੍ਹਾ ਨਾ ਕਰਨ ’ਤੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਸੀਜ਼ ਕਰ ਦਿੱਤਾ ਗਿਆ ਹੈ।

ਉਦਯੋਗਪਤੀਆਂ ਅਨੁਸਾਰ ਜੀ. ਐੱਸ. ਟੀ. ਵਿਭਾਗ ਨੇ ਬੀਤੇ 2 ਮਹੀਨਿਆਂ ਦੇ ਅੰਦਰ 100 ਤੋਂ ਵੱਧ ਕਾਰਬਾਰੀਆਂ ਨੂੰ ਨੋਟਿਸ ਭੇਜਿਆ ਹੈ। ਇਨ੍ਹਾਂ ਨੋਟਿਸਾਂ ’ਚ 10 ਤੋਂ 15 ਸਾਲ ਪੁਰਾਣੇ ਮਾਮਲਿਆਂ ’ਚ ਟੈਕਸ ਬਕਾਇਆ ਦੱਸਦਿਆਂ ਜੁਰਮਾਨੇ ਦੇ ਨਾਲ ਟੈਕਸ ਜਮ੍ਹਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਟੈਕਸ ਜਮ੍ਹਾ ਨਾ ਕਰਨ ’ਤੇ ਅੱਗੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਉਦਯੋਗ ਸੰਗਠਨ ਨੋਇਡਾ ਇੰਟਰਪ੍ਰਿਨਿਓਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀ. ਕੇ. ਸੇਠ ਨੇ ਦੱਸਿਆ ਕਿ ਹੁਣ ਉੱਦਮੀਆਂ ਕੋਲ 10 ਤੋਂ 15 ਸਾਲ ਪੁਰਾਣੇ ਮਾਮਲੇ ਦੇ ਦਸਤਾਵੇਜ਼ ਨਹੀਂ ਹਨ। ਅਜਿਹੇ ’ਚ ਉਹ ਕਿਵੇਂ ਸਾਬਤ ਕਰਨ ਕਿ ਉਨ੍ਹਾਂ ਟੈਕਸ ਜਮ੍ਹਾ ਕਰ ਦਿੱਤਾ ਹੈ।

ਉਨ੍ਹਾਂ ਦੋਸ਼ ਲਾਇਆ, ਵਿਭਾਗ ਆਪਣੇ ਦਸਤਾਵੇਜਾਂ ਨੂੰ ਠੀਕ ਤਰ੍ਹਾਂ ਨਹੀਂ ਰੱਖਦਾ ਹੈ ਅਤੇ ਉੱਦਮੀਆਂ ਨੂੰ ਨੋਟਿਸ ਭੇਜ ਕੇ ਪ੍ਰੇਸ਼ਾਨ ਕਰ ਰਿਹਾ ਹੈ। ਕੁੱਝ ਫੈਕਟਰੀ ਮਾਲਕਾਂ ਦੇ ਬੈਂਕ ਖਾਤੇ ਵੀ ਸੀਜ਼ ਕਰ ਦਿੱਤੇ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਸੇਠ ਨੇ ਕਿਹਾ ਕਿ ਜੀ. ਐੱਸ. ਟੀ. ਵਿਭਾਗ ਦੇ ਕਮਿਸ਼ਨਰ ਅਤੇ ਐਡੀਸ਼ਨਲ ਕਮਿਸ਼ਨਰ ਦੇ ਸਾਹਮਣੇ ਉੱਦਮੀਆਂ ਦੀ ਪ੍ਰੇਸ਼ਾਨੀ ਨੂੰ ਰੱਖਿਆ ਜਾਵੇਗਾ।


Rakesh

Content Editor

Related News