ਸੋਨੇ ਦੇ ਰੇਟ ਚੜ੍ਹੇ, ਚਾਂਦੀ ਵੀ ਹੋਈ ਮਹਿੰਗੀ
Saturday, Oct 28, 2017 - 03:45 PM (IST)
ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਹਫਤੇ ਦੇ ਅਖੀਰ 'ਤੇ ਤਜ਼ੀ ਅਤੇ ਸਥਾਨਕ ਬਾਜ਼ਾਰ 'ਚ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 125 ਰੁਪਏ ਦੀ ਛਲਾਂਗ ਲਾ ਕੇ 30,350 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ 275 ਰੁਪਏ ਦੀ ਤੇਜ਼ੀ ਨਾਲ 40,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਉੱਥੇ ਸੋਨਾ ਹਾਜ਼ਰ 6.65 ਡਾਲਰ ਦੀ ਤੇਜ਼ੀ ਨਾਲ 1,273.05 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਪੰਜ ਡਾਲਰ ਦੀ ਤੇਜ਼ੀ ਨਾਲ 1,274.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ 0.08 ਡਾਲਰ ਚਮਕ ਕੇ 16.82 ਡਾਲਰ ਪ੍ਰਤੀ ਔਂਸ 'ਤੇ ਵਿਕੀ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਕੈਟਾਲੋਨੀਆ ਦੇ ਸਪੇਨ ਤੋਂ ਵੱਖ ਹੋਣ ਦੇ ਫੈਸਲੇ 'ਤੇ ਸਥਾਨਕ ਸੰਸਦ ਦੀ ਮੋਹਰ ਨਾਲ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ 'ਚ ਜ਼ੋਖਮ ਚੁੱਕਣ ਦੀ ਬਜਾਏ ਸੁਰੱਖਿਅਤ ਮੰਨੇ ਜਾਣ ਵਾਲੇ ਸੋਨੇ 'ਚ ਨਿਵੇਸ਼ ਕੀਤਾ। ਇਸ ਨਾਲ ਸੋਨੇ ਨੂੰ ਸਮਰਥਨ ਮਿਲਿਆ।
