ਸੋਨੇ ਦੀਆਂ ਕੀਮਤਾਂ ਨਵੀਂ ਉਚਾਈ 'ਤੇ, ਦੀਵਾਲੀ ਤੱਕ 52 ਹਜ਼ਾਰੀ ਬਣ ਸਕਦੈ ਸੋਨਾ
Tuesday, Jun 30, 2020 - 10:57 AM (IST)
ਨਵੀਂ ਦਿੱਲੀ (ਇੰਟ) : ਸੋਨੇ ਦੀਆਂ ਕੀਮਤਾਂ ਰੋਜ਼ ਨਵੀਂ ਉਚਾਈ 'ਤੇ ਪਹੁੰਚ ਰਹੀਆਂ ਹਨ ਅਤੇ ਇਸ ਦੇ ਛੇਤੀ ਹੀ 50,000 ਦੇ ਅੰਕੜੇ ਨੂੰ ਛੂੰਹਣ ਦੀ ਉਮੀਦ ਹੈ। ਬੀਤੇ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ 48589 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ। ਕੋਰੋਨਾ ਸੰਕਟ ਦਰਮਿਆਨ ਸੰਸਾਰਿਕ ਅਰਥਵਿਵਸਥਾ ਵਿਚ ਅਨਿਸ਼ਚਿਤਤਾ ਕਾਰਨ ਸੋਨੇ ਦੇ ਹੋਰ ਵੀ ਚਮਕਣ ਦੀ ਸੰਭਾਵਨਾ ਹੈ। ਮਿਊਚਲ ਫੰਡ ਵਿਚ ਵੀ ਸੋਨੇ ਦਾ ਦਬਦਬਾ ਕਾਇਮ ਹੈ ਅਤੇ ਗੋਲਡ ਮਿਊਚਲ ਫੰਡ ਨੇ ਨਿਵੇਸ਼ਕਾਂ ਨੂੰ ਇਕ ਸਾਲ ਵਿਚ 40.39 ਫ਼ੀਸਦੀ ਦਾ ਰਿਟਰਟ ਦਿੱਤਾ ਹੈ, ਜਿਸ ਕਾਰਨ ਹੋਰ ਜਾਇਦਾਦਾਂ ਦੇ ਮੁਕਾਬਲੇ ਸੋਨੇ ਵਿਚ ਨਿਵੇਸ਼ ਨੂੰ ਲੈ ਕੇ ਨਿਵੇਸ਼ਕਾਂ ਦਾ ਰੁਝਾਨ ਵਧਿਆ ਹੈ।
ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ) ਅਨੂਜ ਗੁਪਤਾ ਦਾ ਕਹਿਣਾ ਹੈ ਕਿ ਆਈ.ਐੱਮ.ਐੱਫ. ਨੇ ਸਾਲ 2020 ਲਈ ਸੰਸਾਰਿਕ ਅਰਥਵਿਵਸਥਾ ਦੇ ਅਨੁਮਾਨ ਨੂੰ ਘਟਾ ਕੇ 4.9 ਫ਼ੀਸਦੀ ਕਰ ਦਿੱਤਾ ਹੈ, ਇਸ ਨਾਲ ਬਾਜ਼ਾਰ ਦੀ ਧਾਰਨਾ ਕਮਜ਼ੋਰ ਹੋਈ ਹੈ। ਨਾਲ ਹੀ ਅਰਥਵਿਵਸਥਾ ਵਿਚ ਅਨਿਸ਼ਚਿਤਤਾ ਅਤੇ ਰੋਜ਼ਗਾਰ ਦੇ ਮੋਰਚੇ 'ਤੇ ਵੱਧਦੇ ਖਦਸ਼ੇ ਕਾਰਨ ਵੀ ਲੋਕ ਨਿਵੇਸ਼ ਲਈ ਜਿਊਲਰੀ ਦੀ ਥਾਂ ਮਿਊਚਲ ਫੰਡ ਰਾਹੀਂ ਸੋਨੇ ਵਿਚ ਨਿਵੇਸ਼ (ਈ-ਗੋਲਡ) ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਇਹੀ ਕਾਰਨ ਹੈ ਕਿ ਸੋਨਾ ਉਪਰ ਜਾ ਰਿਹਾ ਹੈ। ਮਾਹਰਾਂ ਦੀ ਮੰਨੀਏ ਤਾਂ ਕੋਰੋਨਾ ਸੰਕਟ ਦਰਮਿਆਨ ਜਾਰੀ ਸੰਸਾਰਿਕ ਅਨਿਸ਼ਚਿਤਤਾ ਕਾਰਨ ਸੋਨੇ ਵਿਚ ਤੇਜ਼ੀ ਦਾ ਦੌਰ ਜ਼ਾਰੀ ਰਹਿ ਸਕਦਾ ਹੈ। ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਪਿਛਲੇ ਇਕ ਦਹਾਕੇ ਤੋਂ ਜ਼ਾਰੀ ਹੈ। ਭਾਰਤ ਵਿਚ ਲੰਮੀ ਮਿਆਨ ਦੀ ਮੁਦਰਾਸਫ਼ੀਤੀ 7 ਤੋਂ 8 ਫ਼ੀਸਦੀ ਰਹੀ ਹੈ ਅਤੇ ਸੋਨੇ ਨੇ ਨਿਵੇਸ਼ਕਾਂ ਨੂੰ ਪੂਰਾ ਰਿਟਰਨ ਦਿੱਤਾ ਹੈ। ਇਹੀ ਕਾਰਨ ਹੈ ਕਿ ਸੋਨੇ ਨੇ ਸਾਲਾਂ ਤੋਂ ਆਪਣੀ ਉਪਯੋਗਤਾ ਨੂੰ ਸਾਬਤ ਕਰ ਦਿੱਤਾ ਹੈ ਅਤੇ ਨਿਵੇਸ਼ਕਾਂ ਲਈ ਸੋਨੇ ਵਿਚ ਨਿਵੇਸ਼ ਪਹਿਲੀ ਪਸੰਦ ਬਣ ਚੁੱਕਾ ਹੈ। ਮਾਹਰ ਐੱਸ.ਆਈ.ਪੀ. ਰਾਹੀਂ ਗੋਲਡ ਫੰਡ ਵਿਚ ਨਿਵੇਸ਼ ਕਰਨ ਦੀ ਸਲਾਹ ਨੂੰ ਫ਼ਾਇਦੇ ਦਾ ਸੋਦਾ ਦੱਸ ਰਹੇ ਹਨ।
ਦੀਵਾਲੀ ਤੱਕ 52 ਹਜ਼ਾਰੀ ਬਣ ਸਕਦਾ ਹੈ ਸੋਨਾ
ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਮੁਤਾਬਕ ਸੰਸਾਰਿਕ ਅਰਕਵਿਸਸਥਾ ਵਿਚ ਅਨਿਸ਼ਚਿਤਤਾ ਵਧਦੀ ਜਾ ਰਹੀ ਹੈ। ਅਜਿਹੇ ਵਿਚ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਲੋਕਾਂ ਦਾ ਭਰੋਸਾ ਸੋਨੇ 'ਤੇ ਅਤੇ ਖ਼ਾਸ ਕਰਕੇ ਈ-ਗੋਲਡ 'ਤੇ ਭਰੋਸਾ ਵਧਿਆ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸੋਨਾ ਇਕ ਤੋਂ 2 ਮਹੀਨੇ ਵਿਚ ਹੀ 50 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਜਾ ਸਕਦਾ ਹੈ, ਜਦੋਂਕਿ ਦੀਵਾਲੀ ਤੱਕ ਇਸ ਦੇ 52 ਹਜ਼ਾਰ ਰੁਪਏ ਦੇ ਪੱਧਰ 'ਤੇ ਜਾਣ ਦੀ ਸੰਭਾਵਨਾ ਹੈ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸੰਸਾਰਿਕ ਅਰਥਵਿਵਸਥਾ ਵਿਚ ਅਨਿਸ਼ਚਿਤਤਾ ਦਰਮਿਆਨ ਸੋਨੇ ਦੀ ਕੀਮਤ 2 ਸਾਲ ਵਿਚ 68,000 ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਪਹੁੰਚ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀ ਕੀਮਤ ਵਿਚ ਡਾਲਰ ਦੇ ਮੁਕਾਬਲੇ ਰੁਪਏ ਦੀਆਂ ਕੀਮਤਾਂ ਦਾ ਵੀ ਅਸਰ ਹੋਵੇਗਾ। ਇਕ ਡਾਲਰ ਦੀ ਕੀਮਤ ਹਾਲੇ 76 ਰੁਪਏ ਦੇ ਲਗਭਗ ਹੈ ਪਰ ਆਉਣ ਵਾਲੇ ਸਮੇਂ ਵਿਚ ਇਸ ਦੇ 80 ਰੁਪਏ ਤੋਂ ਪਾਰ ਜਾਣ ਦੀ ਖਦਸ਼ਾ ਹੈ।
ਗੋਲਡ ਈ.ਟੀ.ਐੱਫ. 'ਚ 800 ਕਰੋੜ ਦਾ ਨਿਵੇਸ਼
ਸ਼ੇਅਰ ਬਾਜ਼ਾਰ ਵਿਚ ਉਤਰ-ਚੜਾਅ ਅਤੇ ਕੋਰੋਨਾ ਸੰਕਟ ਦਰਮਿਆਨ ਸੋਨਾ ਨਿਵੇਸ਼ਕਾਂ ਲਈ ਨਿਵੇਸ਼ ਦਾ ਸਭ ਤੋਂ ਸੁਰੱਖਿਅਤ ਟਿਕਾਣਾ ਬਣ ਕੇ ਉਭਰਿਆ ਹੈ। ਇਹੀ ਕਾਰਨ ਹੈ ਕਿ ਗੋਲਡ ਈ.ਟੀ.ਐੱਫ. ਵਿਚ ਮਈ ਵਿਚ 815 ਕਰੋੜ ਦਾ ਨਿਵੇਸ਼ ਕੀਤਾ ਗਿਆ। ਐਸੋਸੀਏਸ਼ਨ ਆਫ਼ ਮਿਊਚਲ ਫੰਡਸ ਇਨ ਇੰਡੀਆ (ਏ.ਐੱਮ.ਐੱਫ.ਆਈ.) ਦੇ ਅੰਕੜਿਆਂ ਮੁਤਾਬਕ ਮਈ ਵਿਚ ਗੋਲਡ ਈ.ਟੀ.ਐੱਫ. ਵਿਚ ਨਿਵੇਸ਼ਕਾਂ ਨੇ 815 ਕਰੋੜ ਰੁਪਏ ਪਾਏ ਜੋ ਅਪ੍ਰੈਲ ਵਿਚ ਪਾਏ ਗਏ 731 ਕਰੋੜ ਤੋਂ ਵੱਧ ਸੀ। ਦੱਸ ਦੇਈਏ ਕਿ ਵਾਇਦਾ ਬਾਜ਼ਾਰ ਵਿਚ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਵਿਚ ਇਸ ਸਾਲ ਹੁਣ ਤੱਕ ਲਗਭਗ 20 ਫ਼ੀਸਦੀ ਤੱਕ ਵਧੀਆਂ ਹਨ।
ਬਾਕੀ ਕਮੋਡਿਟੀ ਨੂੰ ਸੋਨੇ ਨੇ ਪਿੱਛੇ ਛੱਡਿਆ
ਕੋਰੋਨਾ ਵਾਇਰਸ ਸਿਹਤ ਸੰਕਟ ਅਤੇ ਅਮਰੀਕਾ-ਚੀਨ ਤਣਾਅ ਨੇ ਸੋਨੇ ਨੂੰ ਇਕ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਪੇਸ਼ ਕੀਤਾ ਹੈ। ਭਾਰਤ ਵਿਚ ਐਮ.ਸੀ.ਐਕਸ. ਦਾ ਸੋਨਾ ਵਾਇਦਾ ਬੁੱਧਵਾਰ ਨੂੰ 48589 ਪ੍ਰਤੀ 10 ਗ੍ਰਾਮ ਦੇ ਰਿਕਾਰਡ ਉਚੇ ਪੱਧਰ 'ਤੇ ਪਹੁੰਚ ਗਿਆ ਅਤੇ ਹਫ਼ਤੇ ਦੇ ਆਖ਼ੀਰ ਵਿਚ 48315 'ਤੇ ਬੰਦ ਹੋਇਆ। ਇਸ ਸਾਲ 16 ਫ਼ੀਸਦੀ ਦੇ ਉਛਾਲ ਨਾਲ ਸੋਨਾ ਬਾਕੀ ਕਮੋਡਿਟੀ ਨੂੰ ਪਿੱਛੇ ਛੱਡ ਚੁੱਕਾ ਹੈ। ਉਥੇ ਹੀ ਅਮਰੀਕੀ ਸੋਨਾ ਵਾਇਦਾ ਸ਼ੁੱਕਰਵਾਰ ਨੂੰ 0.5 ਫ਼ੀਸਦੀ ਵੱਧ ਕੇ 1780 ਡਾਲਰ 'ਤੇ ਬੰਦ ਹੋਇਆ।
ਸੋਨੇ 'ਚ ਛੋਟ ਹੋਰ ਵਧਣ ਦੀ ਉਮੀਦ
ਭਾਰਤ ਵਿਚ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ ਇਸ ਵਿਚ ਛੋਟ ਹੋਰ ਵਧਣ ਦੀ ਉਮੀਦ ਹੈ, ਕਿਉਂਕਿ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਤਾਲਾਬੰਦੀ ਵਿਚ ਢਿੱਲ ਕਾਰਨ ਸਰਾਫ਼ਾ ਦੁਕਾਨਾਂ ਤਾਂ ਖੋਲ੍ਹ ਦਿੱਤੀਆਂ ਗਈਆਂ ਪਰ ਗਾਹਕ ਗਾਇਬ ਰਹੇ। ਇਸ ਨਾਲ ਸੋਨੇ ਦੀ ਖ਼ਰੀਦ ਪ੍ਰਭਾਵਿਤ ਹੋਈ ਹੈ। ਅਜਿਹੇ ਵਿਚ ਭਾਰਤੀ ਡੀਲਰਾਂ ਨੇ ਸੋਨੇ ਦੀਆਂ ਘਰੇਲੂ ਕੀਮਤਾਂ ਵਿਚ ਪਿਛਲੇ ਹਫ਼ਤੇ ਦੀ 13 ਡਾਲਰ ਦੀ ਤੁਲਣਾ ਵਿਚ ਇਸ ਹਫ਼ਤੇ 18 ਡਾਲਰ ਪ੍ਰਤੀ ਓਂਸ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਘਰੇਲੂ ਸੋਨੇ ਦੀਆਂ ਕੀਮਤਾਂ ਵਿਚ 12.5 ਫ਼ੀਸਦੀ ਦਰਾਮਦ ਟੈਕਸ ਅਤੇ 3 ਫ਼ੀਸਦੀ ਜੀ.ਐੱਸ.ਟੀ. ਸ਼ਾਮਲ ਹਨ।