ਸੋਨੇ ਦੀ ਕੀਮਤ ਰਿਕਾਰਡ ਤੋਂ 11 ਹਜ਼ਾਰ ਘਟੀ, ਨਿਵੇਸ਼ ਤੋਂ ਪਹਿਲਾਂ ਜਾਣੋ ਟੈਕਸ
Wednesday, Mar 03, 2021 - 04:49 PM (IST)
ਨਵੀਂ ਦਿੱਲੀ- ਇਸ ਸਾਲ ਸੋਨੇ ਦੀ ਕੀਮਤ ਕਾਫ਼ੀ ਡਿੱਗੀ ਹੈ ਅਤੇ ਇਹ ਪਿਛਲੇ ਸਾਲ ਤੋਂ ਤਕਰੀਬਨ 11 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਸਸਤਾ ਪੈ ਰਿਹਾ ਹੈ। ਬੁੱਧਵਾਰ ਨੂੰ ਵਾਇਦਾ ਬਾਜ਼ਾਰ ਵਿਚ ਸੋਨਾ 577 ਰੁਪਏ ਦੀ ਗਿਰਾਵਟ ਨਾਲ 44,971 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਪਿਛਲੇ ਸਾਲ ਇਸ ਦੀ ਕੀਮਤ 56,200 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਗਈ ਸੀ। ਸੋਨੇ ਵਿਚ ਨਿਵੇਸ਼ ਇਸ ਲਈ ਵੀ ਪ੍ਰਸਿੱਧ ਹੈ ਕਿਉਂਕਿ ਬੁਰੇ ਸਮੇਂ ਵਿਚ ਇਹ ਕੰਮ ਆ ਜਾਂਦਾ ਹੈ।
ਸੋਨਾ ਖ਼ਰੀਦਣ ਜਾਂ ਇਸ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਇਕ ਵਾਰ ਇਸ 'ਤੇ ਬਣਨ ਵਾਲੀ ਟੈਕਸ ਦੇਣਦਾਰੀ ਬਾਰੇ ਵੀ ਜਾਣ ਲੈਣਾ ਚਾਹੀਦਾ ਹੈ। ਇਸ ਵਿਚ ਨਿਵੇਸ਼ ਦਾ ਸਭ ਤੋਂ ਆਮ ਅਤੇ ਸਭ ਤੋਂ ਪੁਰਾਣਾ ਤਰੀਕਾ ਗਹਿਣੇ, ਬਾਰ ਜਾਂ ਸਿੱਕੇ ਹਨ। ਖ਼ਰੀਦਦਾਰੀ ਸਮੇਂ ਇਸ 'ਤੇ ਤਿੰਨ ਫ਼ੀਸਦੀ ਜੀ. ਐੱਸ. ਟੀ. ਲੱਗਦਾ ਹੈ। ਹੁਣ ਗੱਲ ਕਰਦੇ ਹਾਂ ਸੋਨੇ ਦੀ ਵਿਕਰੀ 'ਤੇ ਲੱਗਣ ਵਾਲੇ ਟੈਕਸ ਦੀ। ਸੋਨਾ ਵੇਚਣ 'ਤੇ ਟੈਕਸ ਦੇਣਦਾਰੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੇ ਸਮੇਂ ਤੱਕ ਇਸ ਨੂੰ ਆਪਣੇ ਕੋਲ ਰੱਖਿਆ ਹੈ।
ਇਹ ਵੀ ਪੜ੍ਹੋ- MSP 'ਤੇ ਇਸ ਵਾਰ 10 ਫ਼ੀਸਦੀ ਵੱਧ ਇੰਨੇ ਟਨ ਕਣਕ ਖ਼ਰੀਦ ਸਕਦੀ ਹੈ ਸਰਕਾਰ
ਜੇਕਰ ਸੋਨੇ ਨੂੰ ਖ਼ਰੀਦੀ ਤਾਰੀਖ਼ ਤੋਂ ਤਿੰਨ ਸਾਲਾਂ ਅੰਦਰ ਵੇਚਿਆ ਜਾਂਦਾ ਹੈ ਤਾਂ ਇਸ ਤੋਂ ਹੋਏ ਕਿਸੇ ਵੀ ਫਾਇਦੇ ਨੂੰ ਸ਼ਾਰਟ ਟਰਮ ਕੈਪੀਟਲ ਗੇਨ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਤੁਹਾਡੀ ਸਾਲਾਨਾ ਆਮਦਨ ਵਿਚ ਜੋੜਦੇ ਹੋਏ ਇਨਕਮ ਟੈਕਸ ਸਲੈਬ ਦੇ ਹਿਸਾਬ ਨਾਲ ਟੈਕਸ ਲੱਗਦਾ ਹੈ। ਜੇਕਰ ਤੁਸੀਂ ਤਿੰਨ ਸਾਲਾਂ ਪਿੱਛੋਂ ਸੋਨਾ ਵੇਚਣ ਦਾ ਫ਼ੈਸਲਾ ਕਰਦੇ ਹੋ ਤਾਂ ਇਸ ਤੋਂ ਪ੍ਰਾਪਤ ਹੋਈ ਧਨਰਾਸ਼ੀ ਨੂੰ ਲਾਂਗ ਟਰਮ ਕੈਪੀਟਲ ਗੇਨ ਮੰਨਿਆ ਜਾਵੇਗਾ ਅਤੇ ਇਸ 'ਤੇ 20 ਫ਼ੀਸਦੀ ਟੈਕਸ ਦੇਣਦਾਰੀ ਬਣੇਗੀ, ਨਾਲ ਹੀ ਇੰਡੈਕਸ਼ਨ ਬੈਨਿਫਿਟਸ ਦੇ ਨਾਲ 4 ਫ਼ੀਸਦੀ ਸੈੱਸ ਅਤੇ ਸਰਚਾਰਜ ਵੀ ਲੱਗੇਗਾ। ਉੱਥੇ ਹੀ, ਡਿਜੀਟਲ ਗੋਲਡ ਦੀ ਵਿਕਰੀ ਦੇ ਮਾਮਲੇ ਵਿਚ ਫਿਜੀਕਲ ਗੋਲਡ ਦੀ ਤਰ੍ਹਾਂ ਹੀ ਟੈਕਸ ਦੇਣਦਾਰੀ ਬਣਦੀ ਹੈ।
ਇਹ ਵੀ ਪੜ੍ਹੋ- ਸਰਕਾਰ ਦਾ ਟੈਸਲਾ ਨੂੰ ਆਫ਼ਰ, ਇੱਥੇ ਬਣਾਓ ਕਾਰਾਂ ਚੀਨ ਤੋਂ ਵੀ ਵੱਧ ਦੇਵਾਂਗੇ ਛੋਟ