ਸੋਨਾ ਖਰੀਦਦਾਰਾਂ ਨੂੰ ਰਾਹਤ, ਕੀਮਤਾਂ ''ਚ ਇੰਨੀ ਗਿਰਾਵਟ, ਜਾਣੋ ਰੇਟ
Wednesday, Sep 18, 2019 - 03:57 PM (IST)

ਨਵੀਂ ਦਿੱਲੀ— ਬੁੱਧਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 150 ਰੁਪਏ ਡਿੱਗ ਕੇ 38,570 ਰੁਪਏ ਹੋ ਗਈ, ਜੋ ਪਿਛਲੇ ਦਿਨ 38,720 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ ਸੀ।ਹਾਲਾਂਕਿ, ਚਾਂਦੀ 47,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਉੱਥੇ ਹੀ, ਵਿਦੇਸ਼ੀ ਬਾਜ਼ਾਰ 'ਚ ਸੋਨਾ ਸਥਿਰ ਰਿਹਾ। ਲੰਡਨ ਤੇ ਨਿਊਯਾਰਕ ਬਾਜ਼ਾਰਾਂ 'ਚ ਸੋਨਾ ਹਾਜ਼ਰ 1,501 ਡਾਲਰ ਪ੍ਰਤੀ ਔਂਸ 'ਤੇ ਹੀ ਰਿਹਾ। ਹਾਲਾਂਕਿ, ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 4.40 ਡਾਲਰ ਟੁੱਟ ਕੇ 1,509 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ, ਅਮਰੀਕੀ ਫੈਡਰਲ ਰਿਜ਼ਰਵ ਦੀ ਪਾਲਿਸੀ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕਾਂ ਦੇ ਸਾਵਧਾਨੀ ਰੁਖ਼ ਕਾਰਨ ਸੋਨੇ ਦੀਆਂ ਕੀਮਤਾਂ ਲਗਭਗ ਸਥਿਰ ਹਨ।
ਇਸ ਤੋਂ ਇਲਾਵਾ ਬੀਤੇ ਸੋਮਵਾਰ ਭਾਰੀ ਉਛਾਲ ਦਰਜ ਕਰਨ ਮਗਰੋਂ ਕੱਚਾ ਤੇਲ ਵੀ ਨਰਮ ਹੋ ਚੁੱਕਾ ਹੈ। ਇਸ ਲਈ ਨਿਵੇਸ਼ਕਾਂ ਨੇ ਸੋਨੇ 'ਚ ਨਿਵੇਸ਼ ਘਟਾ ਦਿੱਤਾ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਚਾਂਦੀ ਤਕਰੀਬਨ 1 ਫੀਸਦੀ ਡਿੱਗ ਕੇ 17.80 ਡਾਲਰ ਪ੍ਰਤੀ ਔਂਸ 'ਤੇ ਆ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਸਾਊਦੀ ਦੀ ਤੇਲ ਕੰਪਨੀ 'ਤੇ ਹੋਏ ਡਰੋਨ ਹਮਲੇ ਮਗਰੋਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 68 ਡਾਲਰ ਪ੍ਰਤੀ ਬੈਰਲ ਤੋਂ ਉਪਰ ਚਲੀ ਗਈ ਸੀ, ਜੋ ਹੁਣ ਲਗਭਗ 64 ਡਾਲਰ ਪ੍ਰਤੀ ਬੈਰਲ 'ਤੇ ਹੈ।