ਸੋਨੇ 'ਚ ਵੱਡੀ ਗਿਰਾਵਟ, ਚਾਂਦੀ ਵੀ 620 ਰੁਪਏ ਹੋਈ ਸਸਤੀ

07/18/2018 3:49:34 PM

ਨਵੀਂ ਦਿੱਲੀ— ਸੋਨੇ-ਚਾਂਦੀ 'ਚ ਅੱਜ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 400 ਰੁਪਏ ਡਿੱਗ ਕੇ 30,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ, ਜੋ ਕਿ ਪਿਛਲੇ ਪੰਜ ਮਹੀਨਿਆਂ 'ਚ ਸਭ ਤੋਂ ਘੱਟ ਕੀਮਤ ਹੈ। ਉੱਥੇ ਹੀ ਚਾਂਦੀ ਵੀ 620 ਰੁਪਏ ਸਸਤੀ ਹੋ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਕੀਮਤੀ ਧਾਤਾਂ ਦੀ ਕੀਮਤ ਕਮਜ਼ੋਰ ਹੋਣ ਅਤੇ ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਮੰਗ ਸੁਸਤ ਹੋਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਵੀ ਟੁੱਟ ਕੇ 40,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਤੋਂ ਹੇਠਾਂ ਆ ਗਈ।
ਅਮਰੀਕੀ ਕੇਂਦਰੀ ਬੈਂਕ ਦੇ ਚੇਅਰਮੈਨ ਜੇਰੋਮ ਪਾਵੇਲ ਵੱਲੋਂ ਵਿਆਜ ਦਰਾਂ ਵਧਾਉਣ ਦੇ ਸੰਕੇਤ ਮਿਲਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ ਟੁੱਟ ਕੇ ਇਕ ਸਾਲ ਦੇ ਹੇਠਲੇ ਪੱਧਰ 'ਤੇ ਚਲੀ ਗਈ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੇ ਸੰਕੇਤ ਨਾਲ ਡਾਲਰ ਮਜ਼ਬੂਤ ਹੋਇਆ, ਜਿਸ ਨਾਲ ਦੂਜੇ ਦੇਸ਼ਾਂ ਲਈ ਸੋਨਾ ਖਰੀਦਣਾ ਮਹਿੰਗਾ ਹੋਇਆ ਅਤੇ ਇਸ ਦੀ ਮੰਗ ਘਟੀ। ਮੰਗ ਘਟਣ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ। ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨੇ ਦੀ ਕੀਮਤ 0.32 ਫੀਸਦੀ ਡਿੱਗ ਕੇ 1,223.30 ਡਾਲਰ ਪ੍ਰਤੀ ਔਂਸ 'ਤੇ ਆ ਗਈ। ਚਾਂਦੀ ਵੀ 0.84 ਫੀਸਦੀ ਦੀ ਗਿਰਾਵਟ ਨਾਲ 15.41 ਡਾਲਰ ਪ੍ਰਤੀ ਔਂਸ 'ਤੇ ਵਿਕੀ।


Related News