ਸੋਨਾ ਹੋਇਆ ਮਹਿੰਗਾ, ਚਾਂਦੀ 600 ਰੁਪਏ ਸਸਤੀ

09/17/2017 3:22:45 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਰਹੀ ਗਿਰਾਵਟ ਦੇ ਬਾਵਜੂਦ ਤਿਉਹਾਰਾਂ ਤੋਂ ਪਹਿਲਾਂ ਸਰਾਫਾ ਕਾਰੋਬਾਰੀਆਂ ਦੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ ਵਿੱਚ ਪਿਛਲੇ ਹਫ਼ਤੇ ਸੋਨਾ 320 ਰੁਪਏ ਚਮਕ ਕੇ 30,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ । ਹਾਲਾਂਕਿ, ਉਦਯੋਗਿਕ ਗਾਹਕੀ 'ਚ ਸੁਸਤੀ ਕਾਰਨ ਚਾਂਦੀ 600 ਰੁਪਏ ਟੁੱਟ ਕੇ 41,400 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ।
ਕੌਮਾਂਤਰੀ ਬਾਜ਼ਾਰ ਵਿੱਚ ਬੀਤੇ ਹਫ਼ਤੇ ਸੋਨਾ ਹਾਜ਼ਰ 26.50 ਡਾਲਰ ਡਿੱਗ ਕੇ ਹਫਤੇ ਦੇ ਅਖੀਰ 'ਤੇ 1,320.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ ।  ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 28.5 ਡਾਲਰ ਦੀ ਗਿਰਾਵਟ ਨਾਲ ਹਫਤੇ ਦੇ ਅਖੀਰ ਤੇ 1,323.5 ਡਾਲਰ ਪ੍ਰਤੀ ਔਂਸ ਬੋਲਿਆ ਗਿਆ ।  ਹਫ਼ਤੇ ਦੌਰਾਨ ਚਾਂਦੀ ਹਾਜ਼ਰ ਵੀ 0.36 ਡਾਲਰ ਘੱਟ ਕੇ 17.56 ਡਾਲਰ ਪ੍ਰਤੀ ਔਂਸ 'ਤੇ ਰਹੀ । 
ਬਾਜ਼ਾਰ ਮਾਹਰਾਂ ਅਨੁਸਾਰ ਬੀਤੇ ਹਫ਼ਤੇ ਦੁਨੀਆ ਦੀ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਵਿੱਚ ਆਈ ਮਜਬੂਤੀ ਨਾਲ ਸੰਸਾਰਕ ਪੱਧਰ 'ਤੇ ਸੋਨਾ ਡਿੱਗਿਆ ਹੈ । ਭੂ-ਰਾਜਨੀਤਕ ਦਬਾਅ ਵਿੱਚ ਕਮੀ ਆਉਣ ਨਾਲ ਨਿਵੇਸ਼ਕ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾ ਰਹੇ ਹਨ । ਇਸ ਤੋਂ ਇਲਾਵਾ ਅਮਰੀਕਾ ਵਿੱਚ ਪਰਚੂਨ ਮਹਿੰਗਾਈ ਦੇ ਮਜਬੂਤ ਅੰਕੜੇ ਆਉਣ ਤੋਂ ਬਾਅਦ ਇਸ ਮਹੀਨੇ ਹੋਣ ਵਾਲੀ ਫੈਡਰਲ ਰਿਜ਼ਰਵ ਦੀ ਬੈਠਕ ਵਿੱਚ ਵਿਆਜ ਦਰਾਂ ਵਿੱਚ ਵਾਧੇ ਦੀ ਸੰਭਾਵਨਾ ਜ਼ਿਆਦਾ ਹੋਈ ਹੈ ਜਿਸ ਨਾਲ ਸੋਨੇ 'ਤੇ ਦਬਾਅ ਪਿਆ ਹੈ ।


Related News