ਸੋਨਾ-ਚਾਂਦੀ ਹੋਏ ਮਹਿੰਗੇ, ਖਰੀਦਦਾਰੀ ਤੋਂ ਪਹਿਲਾਂ ਜਾਣੋ ਕੀਮਤਾਂ

12/24/2018 3:42:07 PM

ਨਵੀਂ ਦਿੱਲੀ— ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਜਾਂ ਵਿਆਹ-ਸ਼ਾਦੀ ਲਈ ਖਰੀਦਦਾਰੀ ਕਰਨ ਜਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਕੀਮਤਾਂ ਜਾਣ ਲੈਣ ਨਾਲ ਤੁਹਾਡੇ ਲਈ ਰਣਨੀਤੀ ਬਣਾਉਣਾ ਅਸਾਨ ਹੋ ਸਕਦਾ ਹੈ। ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 175 ਰੁਪਏ ਮਹਿੰਗਾ ਹੋ ਕੇ 32,275 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। 

ਉੱਥੇ ਹੀ ਚਾਂਦੀ 200 ਰੁਪਏ ਦਾ ਉਛਾਲ ਲਾ ਕੇ 38,000 ਰੁਪਏ ਪ੍ਰਤੀ ਕਿਲੋ 'ਚ ਵਿਕੀ। ਇਸ ਦੇ ਇਲਾਵਾ ਸੋਨਾ ਭਟੂਰ ਦੀ ਕੀਮਤ ਵੀ 175 ਰੁਪਏ ਚੜ੍ਹ ਕੇ 32,125 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੋਨੇ 'ਚ 130 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 25,000 ਰੁਪਏ ਪ੍ਰਤੀ ਇਕਾਈ 'ਤੇ ਟਿਕੀ ਰਹੀ।
ਬਾਜ਼ਾਰ ਜਾਣਕਾਰਾਂ ਮੁਤਾਬਕ, ਅਮਰੀਕੀ ਸਰਕਾਰ ਦਾ ਕੰਮਕਾਜ ਅੰਸ਼ਿਕ ਤੌਰ 'ਤੇ ਠੱਪ ਹੋਣ ਅਤੇ ਅਮਰੀਕਾ-ਚੀਨ ਵਪਾਰ ਤਣਾਅ ਕਾਰਨ ਸੰਸਾਰਕ ਆਰਥਿਕ ਵਿਕਾਸ ਦਰ ਘਟਣ ਦੇ ਖਦਸ਼ੇ ਕਾਰਨ ਨਿਵੇਸ਼ਕਾਂ ਨੇ ਸੋਨੇ 'ਚ ਨਿਵੇਸ਼ ਨੂੰ ਤਰਜੀਹ ਦਿੱਤੀ, ਜਿਸ ਨਾਲ ਘਰੇਲੂ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। 
ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ 0.51 ਫੀਸਦੀ ਚੜ੍ਹ ਕੇ 1,263 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.41 ਫੀਸਦੀ ਵਧ ਕੇ 14.76 ਡਾਲਰ ਪ੍ਰਤੀ ਔਂਸ ਰਹੀ। ਇਸ ਦੇ ਇਲਾਵਾ ਘਰੇਲੂ ਹਾਜ਼ਰ ਬਾਜ਼ਾਰ 'ਚ ਸਥਾਨਕ ਜਿਊਲਰਾਂ ਦੀ ਖਰੀਦਦਾਰੀ ਨਾਲ ਸੋਨੇ ਦੀ ਤੇਜ਼ੀ ਨੂੰ ਸਮਰਥਨ ਮਿਲਿਆ।


Related News