ਗਲੋਬਲ ਪੱਧਰ ’ਤੇ ਕੋਲੇ ਦੀ ਮੰਗ ਸਿਖਰ ਪੱਧਰ ’ਤੇ, ਕੌਮਾਂਤਰੀ ਊਰਜਾ ਏਜੰਸੀ ਨੇ ਦਿੱਤੇ 2030 ਤੱਕ ਗਿਰਾਵਟ ਦੇ ਸੰਕੇਤ
Saturday, Dec 20, 2025 - 12:46 PM (IST)
ਨਵੀਂ ਦਿੱਲੀ - ਪੂਰੀ ਦੁਨੀਆ ’ਚ ਕੋਲੇ ਦੀ ਮੰਗ ਹੁਣ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਚੁੱਕੀ ਹੈ ਅਤੇ ਇਸ ਦਹਾਕੇ ਦੇ ਅੰਤ ਤੱਕ ਇਸ ’ਚ ਹੌਲੀ-ਹੌਲੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕੌਮਾਂਤਰੀ ਊਰਜਾ ਏਜੰਸੀ (ਆਈ. ਈ. ਏ.) ਦੀ ਤਾਜ਼ਾ ਰਿਪੋਰਟ ‘ਕੋਲ 2025’ ਅਨੁਸਾਰ, ਅਕਸ਼ੇ ਊਰਜਾ, ਕੁਦਰਤੀ ਗੈਸ ਅਤੇ ਪ੍ਰਮਾਣੂ ਊਰਜਾ ਵਰਗੇ ਸਸਤੇ ਅਤੇ ਸਵੱਛ ਬਦਲ ਕੋਲੇ ਦੇ ਦਬਦਬੇ ਨੂੰ ਲਗਾਤਾਰ ਚੁਣੌਤੀ ਦੇ ਰਹੇ ਹਨ। ਆਈ. ਈ. ਏ. ਦਾ ਅੰਦਾਜ਼ਾ ਹੈ ਕਿ ਸਾਲ 2025 ’ਚ ਗਲੋਬਲ ਪੱਧਰ ’ਤੇ ਕੋਲੇ ਦੀ ਮੰਗ ’ਚ 0.5 ਫ਼ੀਸਦੀ ਦੇ ਵਾਧੇ ਨਾਲ ਇਹ ਰਿਕਾਰਡ 8.85 ਅਰਬ ਟਨ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, ਇਸ ਤੋਂ ਬਾਅਦ ਮੰਗ ਦੀ ਰਫਤਾਰ ਘਟਣ ਲੱਗੇਗੀ ਅਤੇ 2030 ਤੱਕ ਕੁੱਲ ਖਪਤ ਘਟ ਕੇ ਵਾਪਸ 2023 ਪੱਧਰ ਦੇ ਨੇੜੇ ਆ ਸਕਦੀ ਹੈ।
ਇਹ ਵੀ ਪੜ੍ਹੋ : ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ
ਬਾਜ਼ਾਰ ਦੀ ਮੌਜੂਦਾ ਸਥਿਤੀ ਅਤੇ ਅੱਗੇ ਦਾ ਅੰਦਾਜ਼ਾ
ਰਿਪੋਰਟ ’ਚ 2030 ਤੱਕ ਗਲੋਬਲ ਅਤੇ ਖੇਤਰੀ ਪੱਧਰ ’ਤੇ ਕੋਲੇ ਦੀ ਮੰਗ, ਸਪਲਾਈ ਅਤੇ ਵਪਾਰ ਦਾ ਵਿਸਥਾਰਤ ਮੁਲਾਂਕਣ ਕੀਤਾ ਗਿਆ ਹੈ। ਨਾਲ ਹੀ, ਕੋਲਾ ਖੇਤਰ ’ਚ ਹੋ ਰਹੇ ਨਿਵੇਸ਼, ਲਾਗਤ ਅਤੇ ਕੀਮਤਾਂ ਨਾਲ ਜੁਡ਼ੇ ਪ੍ਰਮੁੱਖ ਰੁਝਾਨਾਂ ’ਤੇ ਵੀ ਚਾਨਣਾ ਪਾਇਆ ਗਿਆ ਹੈ। ਆਈ. ਈ. ਏ. ਅਨੁਸਾਰ, 2025 ’ਚ ਕਈ ਵੱਡੇ ਦੇਸ਼ਾਂ ’ਚ ਕੋਲੇ ਦੀ ਖਪਤ ਨੇ ਪੁਰਾਣੇ ਰੁਝਾਨਾਂ ਤੋਂ ਵੱਖ ਦਿਸ਼ਾ ਫੜੀ ਹੈ। ਭਾਰਤ ’ਚ ਸਮੇਂ ਤੋਂ ਪਹਿਲਾਂ ਅਤੇ ਤੇਜ਼ ਮਾਨਸੂਨ ਕਾਰਨ ਕੋਲੇ ਦੀ ਸਾਲਾਨਾ ਖਪਤ ’ਚ ਗਿਰਾਵਟ ਦਰਜ ਕੀਤੀ ਗਈ, ਜੋ ਪਿਛਲੇ 50 ਸਾਲਾਂ ’ਚ ਸਿਰਫ ਤੀਜੀ ਵਾਰ ਹੋਇਆ ਹੈ। ਅਮਰੀਕਾ ’ਚ ਕੁਦਰਤੀ ਗੈਸ ਦੇ ਵਧਦੇ ਮੁੱਲ ਅਤੇ ਕੁਝ ਨੀਤੀਗਤ ਕਾਰਨਾਂ ਕਰ ਕੇ ਕੋਲੇ ਦੀ ਖਪਤ ’ਚ ਵਾਧਾ ਵੇਖਿਆ ਗਿਆ, ਜਦੋਂ ਕਿ ਪਿਛਲੇ 15 ਸਾਲਾਂ ਤੋਂ ਇੱਥੇ ਖਪਤ ਘੱਟ ਰਹੀ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ
ਯੂਰਪੀਅਨ ਯੂਨੀਅਨ (ਈ. ਯੂ.) ’ਚ ਲਗਾਤਾਰ ਦੋ ਸਾਲਾਂ ਦੀ ਤੇਜ਼ ਗਿਰਾਵਟ ਤੋਂ ਬਾਅਦ ਇਸ ਵਾਰ ਖਪਤ ’ਚ ਸਿਰਫ ਮਾਮੂਲੀ ਕਮੀ ਦਰਜ ਕੀਤੀ ਗਈ। ਚੀਨ ’ਚ ਕੋਲੇ ਦੀ ਖਪਤ 2024 ਦੇ ਪੱਧਰ ਦੇ ਆਸਪਾਸ ਹੀ ਬਣੀ ਹੋਈ ਹੈ।
ਬਿਜਲੀ ਉਤਪਾਦਨ ’ਚ ਬਦਲਾਅ ਦਾ ਖਦਸ਼ਾ
ਦੁਨੀਆ ’ਚ ਵਰਤੇ ਜਾਣ ਵਾਲੇ ਕੁੱਲ ਕੋਲੇ ਦਾ ਲੱਗਭਗ ਦੋ-ਤਿਹਾਈ ਹਿੱਸਾ ਬਿਜਲੀ ਉਤਪਾਦਨ ’ਚ ਵਰਤਿਆ ਜਾਂਦਾ ਹੈ। ਰਿਪੋਰਟ ਅਨੁਸਾਰ, ਅਕਸ਼ੇ ਊਰਜਾ ਦੇ ਤੇਜ਼ ਵਾਧੇ, ਪ੍ਰਮਾਣੂ ਊਰਜਾ ਦਾ ਵਿਸਥਾਰ ਅਤੇ ਐੱਲ. ਐੱਨ. ਜੀ. ਦੀ ਵਧਦੀ ਸਪਲਾਈ ਕਾਰਨ 2026 ਤੋਂ ਬਾਅਦ ਬਿਜਲੀ ਖੇਤਰ ’ਚ ਕੋਲੇ ਦੀ ਮੰਗ ਘਟਣ ਲੱਗੇਗੀ। ਹਾਲਾਂਕਿ, ਉਦਯੋਗਕ ਖੇਤਰਾਂ ’ਚ ਇਸ ਦੀ ਮੰਗ ਮੁਕਾਬਲਤਨ ਸਥਿਰ ਰਹਿ ਸਕਦੀ ਹੈ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਚੀਨ ਦੀ ਭੂਮਿਕਾ ਫੈਸਲਾਕੁੰਨ
ਦੁਨੀਆ ’ਚ ਵਰਤੇ ਜਾਣ ਵਾਲੇ ਕੁੱਲ ਕੋਲੇ ਦਾ ਅੱਧੇ ਤੋਂ ਵੱਧ ਹਿੱਸਾ ਚੀਨ ’ਚ ਖਪਤ ਹੁੰਦਾ ਹੈ। ਆਈ. ਈ. ਏ. ਦਾ ਅੰਦਾਜ਼ਾ ਹੈ ਕਿ 2030 ਤੱਕ ਚੀਨ ’ਚ ਕੋਲੇ ਦੀ ਮੰਗ ’ਚ ਹਲਕੀ ਗਿਰਾਵਟ ਆ ਸਕਦੀ ਹੈ। ਚੀਨ ਸਰਕਾਰ ਦਾ ਟੀਚਾ ਵੀ ਘਰੇਲੂ ਕੋਲਾ ਖਪਤ ਨੂੰ 2030 ਤੱਕ ਸਿਖਰਲੇ ਪੱਧਰ ’ਤੇ ਪਹੁੰਚਾਉਣ ਤੋਂ ਬਾਅਦ ਹੌਲੀ-ਹੌਲੀ ਘੱਟ ਕਰਨਾ ਹੈ। ਆਈ. ਈ. ਏ. ਦੇ ਊਰਜਾ ਬਾਜ਼ਾਰ ਅਤੇ ਸੁਰੱਖਿਆ ਨਿਰਦੇਸ਼ਕ ਕੀਸੂਕੇ ਸਾਦਾਮੋਰੀ ਦਾ ਕਹਿਣਾ ਹੈ ਕਿ ਕੁਝ ਦੇਸ਼ਾਂ ’ਚ 2025 ਦੇ ਅਸਾਧਾਰਣ ਰੁਝਾਨਾਂ ਦੇ ਬਾਵਜੂਦ, ਸਾਡਾ ਮੁਲਾਂਕਣ ਸਾਫ਼ ਹੈ ਕਿ ਗਲੋਬਲ ਪੱਧਰ ’ਤੇ ਕੋਲੇ ਦੀ ਮੰਗ ਹੁਣ ਠਹਿਰਾਅ ’ਤੇ ਹੈ ਅਤੇ 2030 ਤੱਕ ਇਸ ’ਚ ਗਿਰਾਵਟ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਦਾ ਆਰਥਕ ਵਾਧਾ, ਊਰਜਾ ਨੀਤੀਆਂ, ਮੌਸਮ ਅਤੇ ਬਿਜਲੀ ਮੰਗ ਵਰਗੀਆਂ ਬੇਭਰੋਸਗੀਆਂ ਭਵਿੱਖ ਦੀ ਦਿਸ਼ਾ ਤੈਅ ਕਰਨਗੀਆਂ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਗਲੋਬਲ ਵਪਾਰ ਅਤੇ ਉਤਪਾਦਨ ’ਤੇ ਅਸਰ
ਚੀਨ ਦੀ ਕਮਜ਼ੋਰ ਮੰਗ ਅਤੇ ਵਧੇ ਹੋਏ ਭੰਡਾਰ ਕਾਰਨ 2025 ’ਚ ਉਸ ਦੀ ਕੋਲਾ ਦਰਾਮਦ ’ਚ ਕਮੀ ਆਈ ਹੈ ਅਤੇ ਇਹ ਰੁਝਾਨ 2030 ਤੱਕ ਜਾਰੀ ਰਹਿ ਸਕਦਾ ਹੈ। ਇਸ ਨਾਲ ਗਲੋਬਲ ਕੋਲਾ ਵਪਾਰ ਦੇ ਘਟਣ ਦੇ ਆਸਾਰ ਹਨ। ਕਮਜ਼ੋਰ ਮੰਗ, ਭਰੇ ਭੰਡਾਰ ਅਤੇ ਘੱਟ ਕੀਮਤਾਂ ਕਾਰਨ ਕੋਲਾ ਉਤਪਾਦਕ ਦੇਸ਼ਾਂ ਦੇ ਲਾਭ ’ਤੇ ਦਬਾਅ ਵਧ ਸਕਦਾ ਹੈ। ਰਿਪੋਰਟ ਅਨੁਸਾਰ, 2030 ਤੱਕ ਚੀਨ ਅਤੇ ਇੰਡੋਨੇਸ਼ੀਆ ਸਮੇਤ ਕਈ ਵੱਡੇ ਉਤਪਾਦਕ ਦੇਸ਼ਾਂ ’ਚ ਕੋਲਾ ਉਤਪਾਦਨ ਘਟ ਸਕਦਾ ਹੈ। ਹਾਲਾਂਕਿ ਭਾਰਤ ਇਕ ਅਪਵਾਦ ਹੋ ਸਕਦਾ ਹੈ, ਜਿੱਥੇ ਦਰਾਮਦ ’ਤੇ ਨਿਰਭਰਤਾ ਘੱਟ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਕਾਰਨ ਘਰੇਲੂ ਉਤਪਾਦਨ ਵਧਣ ਦੀ ਸੰਭਾਵਨਾ ਹੈ। ਕੁੱਲ ਮਿਲਾ ਕੇ, ਆਈ. ਈ. ਏ. ਦੀ ਰਿਪੋਰਟ ਇਹ ਸੰਕੇਤ ਦਿੰਦੀ ਹੈ ਕਿ ਦੁਨੀਆ ਹੌਲੀ-ਹੌਲੀ ਕੋਲੇ ਤੋਂ ਅੱਗੇ ਵਧ ਰਹੀ ਹੈ। ਭਾਵੇਂ, ਕੋਲੇ ਦਾ ਯੁੱਗ ਪੂਰੀ ਤਰ੍ਹਾਂ ਖ਼ਤਮ ਨਾ ਹੋਇਆ ਹੋਵੇ ਪਰ ਹੁਣ ਇਹ ਸਾਫ਼ ਤੌਰ ’ਤੇ ਹੇਠਾਂ ਵੱਲ ਵਧ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
