GDP ਵਿਕਾਸ ਦਰ ਇਸ ਸਾਲ ਨਕਾਰਾਤਮਕ ਜਾਂ ਸਿਫ਼ਰ ਦੇ ਨੇੜੇ ਹੋਵੇਗੀ : ਸੀਤਾਰਮਨ
Tuesday, Oct 27, 2020 - 10:56 PM (IST)
ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਨਜ਼ਰ ਆਉਣ ਲੱਗੇ ਹਨ ਪਰ ਇਸ ਵਿੱਤੀ ਸਾਲ 'ਚ ਜੀ. ਡੀ. ਪੀ. ਵਾਧਾ ਦਰ ਸਿਫ਼ਰ ਜਾਂ ਨਕਾਰਾਤਮਕ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ ਦੌਰਾਨ ਅਰਥਵਿਵਸਥਾ ਨਕਾਰਾਤਮਕ ਦੇਖਣ ਨੂੰ ਮਿਲੀ ਪਰ ਤਿਉਹਾਰੀ ਮੌਸਮ ਦੌਰਾਨ ਮੰਗ 'ਚ ਤੇਜ਼ੀ ਆਈ ਹੈ।
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ 2020-21 ਦੀ ਪਹਿਲੀ ਤਿਮਾਹੀ 'ਚ ਅਰਥਵਿਵਸਥਾ 'ਚ 23.9 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਕਾਰਨ ਪੂਰੇ ਵਿੱਤੀ ਸਾਲ ਦੌਰਾਨ ਜੀ. ਡੀ. ਪੀ. ਦੀ ਵਾਧਾ ਦਰ ਨਕਾਰਾਤਮਕ ਜਾਂ ਸਿਫ਼ਰ ਦੇ ਨਜ਼ਦੀਕ ਰਹਿਣ ਦਾ ਖਦਸ਼ਾ ਹੈ। 'ਸੇਰਾ ਵੀਕ' ਦੇ ਭਾਰਤ ਊਰਜਾ ਮੰਚ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ 25 ਮਾਰਚ ਤੋਂ ਸਖ਼ਤ ਲਾਕਡਾਊਨ ਲਗਾਇਆ ਸੀ ਕਿਉਂਕਿ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਸੀ। ਵਿੱਤ ਮੰਤਰੀ ਨੇ ਕਿਹਾ ਕਿ ਲਾਕਡਾਊਨ ਦੀ ਵਜ੍ਹਾ ਨਾਲ ਹੀ ਅਸੀਂ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਕਰ ਸਕੇ।
ਸੀਤਾਰਮਨ ਨੇ ਕਿਹਾ ਕਿ ਤਿਉਹਾਰੀ ਮੌਸਮ 'ਚ ਅਰਥਵਿਵਸਥਾ ਨੂੰ ਰਫ਼ਤਾਰ ਮਿਲਣ ਦੀ ਉਮੀਦ ਹੈ। ਇਸ ਨਾਲ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਵਿਕਾਸ ਦਰ ਹਾਂ-ਪੱਖੀ ਰਹਿਣ ਦੀ ਉਮੀਦ ਹੈ। ਹਾਲਾਂਕਿ, ਕੁੱਲ ਮਿਲਾ ਕੇ 2020-21 'ਚ ਜੀ. ਡੀ. ਪੀ. ਦੀ ਵਾਧਾ ਦਰ ਨਾਂ-ਪੱਖੀ ਜਾਂ ਸਿਫ਼ਰ ਦੇ ਨਜ਼ਦੀਕ ਰਹੇਗੀ। ਵਿੱਤ ਮੰਤਰੀ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਤੋਂ ਵਿਕਾਸ ਦਰ 'ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਜ਼ੋਰ ਜਨਤਕ ਖਰਚ ਜ਼ਰੀਏ ਆਰਥਿਕ ਗਤੀਵਧੀਆਂ ਵਧਾਉਣ 'ਤੇ ਹੈ।