ਨਵੇਂ ਸਿਖਰ ਤੋਂ ਕੁਝ ਕਦਮ ਦੂਰ, ਜੇਫ ਬੇਜੋਸ ਨੂੰ ਪਛਾੜ ਕੇ ਦੂਜੇ ਸਭ ਤੋਂ ਵੱਡੇ ਅਰਬਪਤੀ ਬਣ ਸਕਦੇ ਹਨ ਗੌਤਮ ਅਡਾਨੀ
Friday, Sep 16, 2022 - 12:14 PM (IST)
ਨਵੀਂ ਦਿੱਲੀ - ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਪਰ ਇਸ ਗਿਰਾਵਟ ਦੇ ਬਾਵਜੂਦ ਅਡਾਨੀ ਸਮੂਹ ਦੀਆਂ ਕੰਪਨੀਆਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਇਸ ਕਾਰਨ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ ਵਿੱਚ 4.02 ਅਰਬ ਡਾਲਰ ਭਾਵ ਕਰੀਬ 32,000 ਕਰੋੜ ਰੁਪਏ ਦਾ ਉਛਾਲ ਆਇਆ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ ਉਸਦੀ ਕੁੱਲ ਜਾਇਦਾਦ 149 ਅਰਬ ਡਾਲਰ ਤੱਕ ਪਹੁੰਚ ਗਈ ਹੈ। ਬੇਜੋਸ ਦੀ ਕੁੱਲ ਜਾਇਦਾਦ 150 ਅਰਬ ਡਾਲਰ ਹੈ। ਦੋਵਾਂ ਦੀ ਕੁੱਲ ਜਾਇਦਾਦ ਵਿੱਚ ਹੁਣ ਸਿਰਫ਼ ਇੱਕ ਅਰਬ ਡਾਲਰ ਦਾ ਫਰਕ ਰਹਿ ਗਿਆ ਹੈ।
ਜੇਕਰ ਅੱਜ ਭਾਰਤੀ ਬਾਜ਼ਾਰ ਚੜ੍ਹਦਾ ਹੈ ਅਤੇ ਅਡਾਨੀ ਗਰੁੱਪ ਦੇ ਸ਼ੇਅਰ ਵਧਦੇ ਹਨ ਤਾਂ ਗੌਤਮ ਅਡਾਨੀ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਜਾਣਗੇ। ਜੇਕਰ ਗੌਤਮ ਅਡਾਨੀ ਅਜਿਹਾ ਕਰਦੇ ਹਨ ਤਾਂ ਪਹਿਲੀ ਵਾਰ ਕੋਈ ਭਾਰਤੀ ਬਲੂਮਬਰਗ ਅਰਬਪਤੀਆਂ ਦੀ ਸੂਚੀ 'ਚ ਇਸ ਸਥਾਨ 'ਤੇ ਪਹੁੰਚ ਜਾਵੇਗਾ। ਵੀਰਵਾਰ ਨੂੰ ਬੇਜੋਸ ਦੀ ਜਾਇਦਾਦ 'ਚ 2.39 ਅਰਬ ਡਾਲਰ ਦੀ ਗਿਰਾਵਟ ਆਈ ਹੈ। ਜਿੱਥੇ ਇਸ ਸਾਲ ਅਡਾਨੀ ਦੀ ਸੰਪਤੀ ਵਿੱਚ 72.4 ਅਰਬ ਡਾਲਰ ਦਾ ਵਾਧਾ ਹੋਇਆ ਹੈ, ਉਥੇ ਹੀ ਬੇਜੋਸ ਦੀ ਸੰਪਤੀ ਵਿੱਚ 42.8 ਅਰਬ ਡਾਲਰ ਦੀ ਗਿਰਾਵਟ ਆਈ ਹੈ।
ਵੀਰਵਾਰ ਨੂੰ ਬੀ.ਐੱਸ.ਈ. ਦਾ ਸੈਂਸੈਕਸ 400 ਅੰਕਾਂ ਤੋਂ ਵੱਧ ਡਿੱਗ ਗਿਆ, ਪਰ ਅਡਾਨੀ ਸਮੂਹ ਦੀਆਂ 7 ਸੂਚੀਬੱਧ ਕੰਪਨੀਆਂ ਦੇ ਸ਼ੇਅਰ ਵਧੇ। ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਨੂੰ ਸਭ ਤੋਂ ਵੱਧ 4.97 ਫੀਸਦੀ ਦਾ ਫਾਇਦਾ ਹੋਇਆ। ਅਡਾਨੀ ਟਰਾਂਸਮਿਸ਼ਨ 3.27 ਫੀਸਦੀ, ਅਡਾਨੀ ਟੋਟਲ ਗੈਸ 1.14 ਫੀਸਦੀ, ਅਡਾਨੀ ਗ੍ਰੀਨ ਐਨਰਜੀ 2.00 ਫੀਸਦੀ, ਅਡਾਨੀ ਪੋਰਟਸ 2.21 ਫੀਸਦੀ, ਅਡਾਨੀ ਪਾਵਰ 3.45 ਫੀਸਦੀ ਅਤੇ ਅਡਾਨੀ ਵਿਲਮਰ 3.03 ਫੀਸਦੀ ਵਧੇ।
ਅੰਬਾਨੀ ਦੀ ਸੰਪਤੀ ਵੀ ਵਧੀ
ਇਸ ਦੌਰਾਨ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 91.0 ਅਰਬ ਡਾਲਰ ਦੀ ਜਾਇਦਾਦ ਨਾਲ ਅੱਠਵੇਂ ਨੰਬਰ 'ਤੇ ਪਹੁੰਚ ਗਏ ਹਨ। ਵੀਰਵਾਰ ਨੂੰ ਰਿਲਾਇੰਸ ਦੇ ਸ਼ੇਅਰ 1.01 ਫੀਸਦੀ ਡਿੱਗ ਗਏ। ਇਸ ਨਾਲ ਅੰਬਾਨੀ ਦੀ ਕੁੱਲ ਜਾਇਦਾਦ ਵਿੱਚ 1.22 ਅਰਬ ਡਾਲਰ ਦੀ ਗਿਰਾਵਟ ਆਈ। ਪਰ ਇਸ ਦੇ ਬਾਵਜੂਦ, ਉਹ ਸਰਗੇਈ ਬ੍ਰਿਨ ਨੂੰ ਹਰਾਉਣ ਵਿੱਚ ਕਾਮਯਾਬ ਰਿਹਾ। ਟੇਸਲਾ ਦੇ ਸੀਈਓ ਏਲੋਨ ਮਸਕ 264 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਹਨ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ Google ਅਤੇ Meta 'ਤੇ ਲਗਾਇਆ 7.2 ਕਰੋੜ ਡਾਲਰ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।