ਨਵੇਂ ਸਾਲ ਦਾ ਤੋਹਫਾ: ਸਰਕਾਰ ਨੇ ਘਟਾਈਆਂ ਰਸੋਈ ਗੈਸ ਦੀਆਂ ਕੀਮਤਾਂ
Monday, Dec 31, 2018 - 07:13 PM (IST)

ਨਵੀਂ ਦਿੱਲੀ–ਕੌਮਾਂਤਰੀ ਬਾਜ਼ਾਰ ਵਿਚ ਗੈਸ ਦੀਆਂ ਕੀਮਤਾਂ ਵਿਚ ਕਮੀ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ ਮਜ਼ਬੂਤ ਹੋਣ ਨਾਲ ਲਗਾਤਾਰ ਦੂਸਰੇ ਮਹੀਨੇ ਰਸੋਈ ਗੈਸ ਸਿਲੰਡਰ ਦੇ ਭਾਅ ਵਿਚ ਗਿਰਾਵਟ ਆਈ ਹੈ। ਗੈਰ-ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 120.50 ਰੁਪਏ ਅਤੇ ਸਬਸਿਡੀ ਵਾਲਾ 5.91 ਰੁਪਏ ਸਸਤਾ ਹੋਇਆ ਹੈ। ਦੇਸ਼ ਦੀ ਮੋਹਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
ਨਵੀਆਂ ਦਰਾਂ 1 ਜਨਵਰੀ ਤੋਂ ਲਾਗੂ ਹੋ ਜਾਣਗੀਆਂ। ਕੀਮਤ ਵਿਚ ਕਮੀ ਦੇ ਬਾਅਦ ਗੈਰ-ਸਬਸਿਡੀ ਵਾਲਾ ਸਿਲੰਡਰ 809.50 ਰੁਪਏ ਦੀ ਤੁਲਨਾ ਵਿਚ 689 ਰੁਪਏ ਦਾ ਹੋ ਗਿਆ ਹੈ। ਸਰਕਾਰ ਇਕ ਵਿੱਤੀ ਸਾਲ ਦੇ ਦੌਰਾਨ ਰਸੋਈ ਗੈਸ ਖਪਤਕਾਰ ਨੂੰ 12 ਸਿਲੰਡਰ ਸਬਸਿਡੀ ਦਰ 'ਤੇ ਮੁਹੱਈਆ ਕਰਾਉਂਦੀ ਹੈ। ਇਸ ਤੋਂ ਵੱਧ ਮੰਗ ਰਹਿਣ 'ਤੇ ਖਪਤਕਾਰ ਨੂੰ ਗੈਰ-ਸਬਸਿਡੀ ਵਾਲੀ ਕੀਮਤ ਅਦਾ ਕਰਨੀ ਹੁੰਦੀ ਹੈ। ਇੰਡੀਅਨ ਆਇਲ ਨੇ ਸਬਸਿਡੀ ਵਾਲਾ ਗੈਸ ਸਿਲੰਡਰ ਵੀ 5.91 ਰੁਪਏ ਸਸਤਾ ਕੀਤਾ ਹੈ। ਹੁਣ ਇਹ 500.90 ਰੁਪਏ ਦੀ ਤੁਲਨਾ ਵਿਚ 494.99 ਰੁਪਏ ਦਾ ਮਿਲੇਗਾ। ਨਵੰਬਰ 2018 ਵਿਚ ਗੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 'ਚ 2 ਵਾਰ ਵਾਧਾ ਹੋਇਆ ਸੀ। ਪਹਿਲਾਂ ਇਸ ਨੂੰ 879 ਰੁਪਏ ਤੋਂ ਵਧਾ ਕੇ 939 ਰੁਪਏ ਕੀਤਾ ਗਿਆ ਸੀ ਅਤੇ 7 ਨਵੰਬਰ ਨੂੰ ਕੀਮਤਾਂ ਵਿਚ ਫਿਰ 3.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਸੰਬਰ ਵਿਚ ਕੀਮਤ 942.50 ਰੁਪਏ ਦੀ ਤੁਲਨਾ ਵਿਚ 133 ਰੁਪਏ ਘੱਟ ਕੇ 809.50 ਰੁਪਏ ਰਹਿ ਗਈ ਸੀ। ਇਸ ਤਰ੍ਹਾਂ 2 ਮਹੀਨਿਆਂ ਦੌਰਾਨ ਗੈਰ-ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 253.50 ਰੁਪਏ ਸਸਤਾ ਹੋਇਆ ਹੈ। ਸਬਸਿਡੀ ਵਾਲੇ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਨਵੰਬਰ ਵਿਚ 2 ਵਾਰ ਵਧਾਈ ਗਈ। ਪਹਿਲੀ ਵਾਰ ਇਕ ਨਵੰਬਰ ਨੂੰ ਦਿੱਲੀ ਵਿਚ ਕੀਮਤ 502.40 ਰੁਪਏ ਵਧਾ ਕੇ 505.34 ਰੁਪਏ ਅਤੇ ਫਿਰ 7 ਨਵੰਬਰ ਨੂੰ 507.42 ਰੁਪਏ ਕੀਤੀ ਗਈ। 2 ਮਹੀਨਿਆਂ ਵਿਚ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ 12.43 ਰੁਪਏ ਘੱਟ ਹੋਈ ਹੈ।