ਸੜਕ ਯੋਜਨਾਵਾਂ ਲਈ ਛੋਟੇ ਨਿਵੇਸ਼ਕਾਂ ਤੋਂ ਫੰਡ ਇਕੱਠਾ ਕਰਾਂਗੇ : ਗਡਕਰੀ
Sunday, Feb 06, 2022 - 07:58 PM (IST)
ਮੁੰਬਈ (ਭਾਸ਼ਾ) – ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਸੜਕ ਵਰਗੀਆਂ ਬੁਨਿਆਦੀ ਢਾਂਚਾ ਯੋਜਨਾਵਾਂ ਦੇ ਨਿਰਮਾਣ ਲਈ ਵਿਦੇਸ਼ੀ ਨਿਵੇਸ਼ਕਾਂ ਤੋਂ ਫੰਡ ਨਹੀਂ ਲਵੇਗੀ ਅਤੇ ਛੋਟੇ ਨਿਵੇਸ਼ਕਾਂ ਤੋਂ ਹੀ ਫੰਡ ਇਕੱਠਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚਾ ਯੋਜਨਾਵਾਂ ਲਈ ਪ੍ਰਤੀ ਸਾਲ ਅੱਠ ਫੀਸਦੀ ਦੇ ਯਕੀਨੀ ਰਿਟਰਨ ’ਤੇ ਇਕ ਲੱਖ ਰੁਪਏ ਲਗਾਉਣ ਦੇ ਇਛੁੱਕ ਛੋਟੇ ਨਿਵੇਸ਼ਕਾਂ ਤੋ ਧਨ ਜੁਟਾਏਗੀ। ਗਡਕਰੀ ਨੇ ਕਿਹਾ ਕਿ ਕਸਬਿਆਂ ਅਤੇ ਸ਼ਹਿਰਾਂ ’ਚ ਰੇਲਵੇ ਕ੍ਰਾਂਸਿੰਗ ’ਤੇ ਸੜਕ ਓਵਰਬ੍ਰਿਜ ਬਣਾਉਣ ਦੀ 8,000 ਕਰੋੜ ਰੁਪਏ ਦੀ ਯੋਜਨਾ ’ਤੇ ਵੀ ਕੰਮ ਚੱਲ ਰਿਹਾ ਹੈ ਪਰ ਇਸ ਦਾ ਐਲਾਨ ਬਜਟ ਤੋਂ ਬਾਅਦ ਕੀਤਾ ਜਾਵੇਗਾ।
ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਸਾਲਾਨਾ ਪੰਜ ਲੱਖ ਕਰੋੜ ਰੁਪਏ ਤੋਂ ਵੱਧ ਦਾ ਕੰਮ ਕਰਦਾ ਹੈ। ਅਜਿਹਾ ਦੇਖ ਕੇ ਵਿਦੇਸ਼ੀ ਨਿਵੇਸ਼ਕ ਭਾਰਤੀ ਸੜਕ ਯੋਜਨਾਵਾਂ ’ਚ ਨਿਵੇਸ਼ ਕਰਨਾ ਚਾਹੁੰਦੇ ਹਨ ਪਰ ਸਰਕਾਰ ਇਸ ਨੂੰ ਲੈ ਕੇ ਇਛੁੱਕ ਨਹੀਂ ਹੈ। ਗਡਕਰੀ ਨੇ ਇੱਥੇ ਮਹਾਰਾਸ਼ਟਰ ਚੈਂਬਰ ਆਫ ਕਾਮਰਸ, ਇੰਡਸਟਰੀ ਐਂਡ ਐਗਰੀਕਲਚਰ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਮੈਂ ਅਮੀਰਾਂ ਨੂੰ ਹੋਰ ਅਮੀਰ ਨਹੀਂ ਬਣਾਉਣਾ ਚਾਹੁੰਦਾ। ਉਨ੍ਹਾਂ ਦੀ ਥਾਂ ਮੈਂ ਕਿਸਾਨਾਂ, ਖੇਤ ਮਜ਼ਦੂਰਾਂ, ਕਾਂਸਟੇਬਲਾਂ, ਕਲਰਕਾਂ ਅਤੇ ਸਰਕਾਰੀ ਕਰਮਚਾਰੀਆਂ ਤੋਂ ਪੈਸਾ ਇਕੱਠਾ ਕਰਾਂਗਾ।