ਵਪਾਰ ਯੁੱਧ ਨੇ ਵਧਾਈ ਚਿੰਤਾ, ਗਲੋਬਲ GDP ਨੂੰ ਲੱਗ ਸਕਦੈ ਜ਼ੋਰ ਦਾ ਝਟਕਾ

06/09/2019 3:38:24 PM

ਜਪਾਨ— ਵਪਾਰ ਯੁੱਧ ਕਾਰਨ ਗਲੋਬਲ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗ ਸਕਦਾ ਹੈ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੁਖੀ ਕ੍ਰਿਸਟੀਨ ਲਗਾਰਡ ਨੇ ਵਪਾਰ ਯੁੱਧ ਨੂੰ ਗਲੋਬਲ ਜੀ. ਡੀ. ਪੀ. ਲਈ ਵੱਡਾ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਲ 2020 'ਚ ਵਿਸ਼ਵ ਪੱਧਰੀ ਅਰਥ-ਵਿਵਸਥਾ ਨੂੰ 455 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਉਨ੍ਹਾਂ ਨੇ ਜੀ-20 ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਹ ਚਿੰਤਾ ਜਤਾਈ।
 

 

ਆਈ. ਐੱਮ. ਐੱਫ. ਨੂੰ ਅਮਰੀਕਾ ਤੇ ਚੀਨ ਵਿਚਕਾਰ ਜਾਰੀ ਵਪਾਰ ਯੁੱਧ ਕਾਰਨ ਗਲੋਬਲ ਅਰਥਵਿਵਸਥਾ ਨੂੰ ਨੁਕਸਾਨ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਵਿਆਜ ਦਰਾਂ ਕਾਫੀ ਘੱਟ ਹਨ ਤੇ ਕਈ ਵਿਕਸਤ ਦੇਸ਼ਾਂ 'ਚ ਕਰਜ਼ ਦਾ ਪੱਧਰ ਵਧ ਰਿਹਾ ਹੈ, ਜੋ ਅਰਥਵਿਵਸਥਾ ਲਈ ਦੂਜਾ ਵੱਡਾ ਖਤਰਾ ਹੈ।
ਆਈ. ਐੱਮ. ਐੱਫ. ਮੁਖੀ ਨੇ ਵਪਾਰ ਯੁੱਧ ਦਾ ਹੱਲ ਕੱਢਣ ਦੀ ਗੁਜ਼ਾਰਿਸ਼ ਕੀਤੀ। ਲਗਾਰਡ ਨੇ ਕਿਹਾ, ''ਇਨ੍ਹਾਂ ਜੋਖਮਾਂ ਨੂੰ ਘੱਟ ਕਰਨ ਲਈ ਵਪਾਰ ਯੁੱਧ ਦਾ ਹੱਲ ਕਰਨਾ ਚਾਹੀਦਾ ਹੈ। ਇਸ ਲਈ ਮੌਜੂਦਾ ਲਗਾਏ ਟੈਕਸਾਂ ਨੂੰ ਖਤਮ ਕਰਨ ਤੇ ਨਵੇਂ ਟੈਰਿਫ ਨਾ ਲਾਉਣ ਦੀ ਜ਼ਰੂਰਤ ਹੈ, ਨਾਲ ਹੀ ਸਾਨੂੰ ਕੌਮਾਂਤਰੀ ਵਪਾਰ ਤੰਤਰ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ 'ਚ ਵੀ ਕੰਮ ਜਾਰੀ ਰੱਖਣ ਦੀ ਲੋੜ ਹੈ।''

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਮਈ 2019 ਨੂੰ 200 ਅਰਬ ਡਾਲਰ ਦੇ ਚੀਨੀ ਇੰਪੋਰਟ 'ਤੇ 25 ਫੀਸਦੀ ਡਿਊਟੀ ਲਗਾਈ ਗਈ ਹੈ, ਜਦੋਂ ਕਿ ਪਹਿਲਾਂ ਇਨ੍ਹਾਂ 'ਤੇ 10 ਫੀਸਦੀ ਤਕ ਟੈਰਿਫ ਲੱਗਦਾ ਸੀ। ਉੱਥੇ ਹੀ, ਜਵਾਬੀ ਕਦਮ ਚੁੱਕਦੇ ਹੋਏ ਚੀਨ ਨੇ ਵੀ 60 ਅਰਬ ਡਾਲਰ ਮੁੱਲ ਦੇ ਅਮਰੀਕੀ ਇੰਪੋਰਟ 'ਤੇ ਟੈਰਿਫ ਡਿਊਟੀ ਵਧਾਈ ਹੈ। ਚੀਨ ਨੇ 5,140 ਅਮਰੀਕੀ ਪ੍ਰਾਡਕਟਸ 'ਤੇ 20 ਤੋਂ 25 ਫੀਸਦੀ ਤਕ ਇੰਪੋਰਟ ਡਿਊਟੀ ਲਾਈ ਹੈ। ਇਸ ਤੋਂ ਪਹਿਲਾਂ ਚੀਨ ਇਨ੍ਹਾਂ 'ਤੇ 5 ਤੋਂ 10 ਫੀਸਦੀ ਤਕ ਡਿਊਟੀ ਵਸੂਲ ਰਿਹਾ ਸੀ।


Related News