ਖਾਣ-ਪੀਣ ਦੇ ਸਾਮਾਨ ਦੀ ਪੈਕਿੰਗ ਦੇ ਨਿਯਮ ਬਦਲੇਗਾ fssai

Sunday, Oct 15, 2017 - 12:55 AM (IST)

ਨਵੀਂ ਦਿੱਲੀ (ਏਜੰਸੀਆਂ)-ਭਾਰਤ ਦੀ ਖੁਰਾਕ ਰੈਗੂਲੇਟਰੀ ਸੰਸਥਾ ਫੂਡ ਸੇਫਟੀ ਐਂਡ ਸਟੈਂਡਰਸ ਅਥਾਰਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ. ਆਈ.) ਵੱਲੋਂ ਨਵੇਂ ਨਿਯਮ ਜਾਰੀ ਹੋਣਗੇ। ਐੱਫ. ਐੱਸ. ਐੱਸ. ਏ. ਆਈ. ਖਾਣ-ਪੀਣ ਦੇ ਸਾਮਾਨ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਪਾਊਚ, ਪੋਲੀਥੀਨਸ, ਬੋਤਲਾਂ ਅਤੇ ਬਾਕਸਿਆਂ ਨੂੰ ਲੈ ਕੇ ਜਲਦੀ ਹੀ ਨਵੇਂ ਨਿਯਮ ਜਾਰੀ ਕਰੇਗਾ। ਐੱਫ. ਐੱਸ. ਐੱਸ. ਏ. ਆਈ. ਨੇ ਇਨ੍ਹਾਂ ਪੈਕੇਟਾਂ ਕਾਰਨ ਸਾਮਾਨ ਦੇ ਖ਼ਰਾਬ ਹੋਣ ਜਾਂ ਪ੍ਰਦੂਸ਼ਿਤ ਹੋਣ ਦੀਆਂ ਸ਼ਿਕਾਇਤਾਂ ਕਾਰਨ ਇਹ ਫੈਸਲਾ ਲਿਆ ਹੈ। 
ਐੱਫ. ਐੱਸ. ਐੱਸ. ਏ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਪਵਨ ਕੁਮਾਰ ਅਗਰਵਾਲ ਨੇ ਕਿਹਾ ਕਿ ਪੈਕਿੰਗ ਲਈ ਵੱਖਰੇ ਤੌਰ 'ਤੇ ਨਿਯਮ ਤੈਅ ਹੋਣਗੇ। ਇਸ ਦੇ ਲਈ ਜਲਦੀ ਹੀ ਡਰਾਫਟ ਪੇਸ਼ ਕੀਤਾ ਜਾਵੇਗਾ। ਫੂਡ ਕੰਪਨੀਆਂ ਨੂੰ ਜ਼ਿਆਦਾ ਜਵਾਬਦੇਹ ਬਣਾਉਣ ਲਈ ਇਹ ਨਿਯਮ ਜਾਰੀ ਕੀਤੇ ਜਾਣਗੇ। ਮੌਜੂਦਾ ਵਿਵਸਥਾ ਮੁਤਾਬਕ ਬਿਊਰੋ ਆਫ ਇੰਡੀਅਨ ਸਟੈਂਡਰਸ ਵੱਲੋਂ ਪੈਕਿੰਗ ਦੇ ਮੁਕਾਬਲੇ ਲੇਬਲਿੰਗ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਹੁਣ ਐੱਫ. ਐੱਸ. ਐੱਸ. ਏ. ਆਈ. ਨੇ ਫੂਡ ਅਤੇ ਡਰਿੰਕਸ ਦੀ ਪੈਕਿੰਗ ਲਈ ਆਪਣੇ ਹੀ ਬੈਂਚਮਾਰਕ ਤੈਅ ਕਰਨ ਦਾ ਫੈਸਲਾ ਲਿਆ ਹੈ ਤਾਂ ਕਿ ਉਤਪਾਦਾਂ ਦੀ ਸੁਰੱਖਿਆ ਦੀ ਨਿਗਰਾਨੀ ਕੀਤੀ ਜਾ ਸਕੇ।   ਇਕ ਅੰਦਾਜ਼ੇ ਮੁਤਾਬਕ 2020 ਤੱਕ ਭਾਰਤ ਦੀ ਫੂਡ ਮਾਰਕੀਟ 18 ਬਿਲੀਅਨ ਡਾਲਰ ਤੱਕ ਹੋਵੇਗੀ। 2016 'ਚ ਇਹ ਮਾਰਕੀਟ 12 ਅਰਬ ਡਾਲਰ ਦੀ ਸੀ। ਇਹੀ ਨਹੀਂ ਐੱਫ. ਐੱਸ. ਐੱਸ. ਏ. ਆਈ. ਦਾ ਮੰਨਣਾ ਹੈ ਕਿ ਇਸ ਨਾਲ ਖੁਰਾਕੀ ਪਦਾਰਥਾਂ ਦੀ ਬਰਬਾਦੀ ਨੂੰ ਵੀ ਰੋਕਿਆ ਜਾ ਸਕੇਗਾ। ਮੌਜੂਦਾ ਨਿਯਮਾਂ ਮੁਤਾਬਕ ਪੈਕਿੰਗ ਲਈ ਐਲੂਮੀਨੀਅਮ, ਬਰਾਸ, ਤਾਂਬਾ, ਪਲਾਸਟਿਕ ਅਤੇ ਟੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਪੈਕਿੰਗ ਨੂੰ ਬਿਊਰੋ ਆਫ ਇੰਡੀਅਨ ਸਟੈਂਡਰਸ ਤੋਂ ਮਨਜ਼ੂਰੀ ਵੀ ਮਿਲਣੀ ਚਾਹੀਦੀ ਹੈ।


Related News