ਗਰਮੀ ਵਧਣ ਨਾਲ ਹੀ ਫਰਿੱਜ਼, AC ਦੀ ਵਿਕਰੀ ’ਚ ਜ਼ੋਰਦਾਰ ਉਛਾਲ : ਰਿਪੋਰਟ
Monday, May 23, 2022 - 01:02 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਪੈ ਰਹੀ ਭਿਆਨਕ ਗਰਮੀ ਕਾਰਨ ਠੰਡਕ ਪ੍ਰਦਾਨ ਕਰਨ ਵਾਲੇ ਉਤਪਾਦ ਜਿਵੇਂ ਰੈਫਰੀਜ੍ਰੇਟਰ, ਏਅਰ ਕੰਡੀਸ਼ਨਰ, ਕੂਲਰ ਤੇ ਪੱਖਿਆਂ ਦੀ ਮੰਗ ਵੱਧ ਗਈ ਹੈ ਤੇ ਇਨ੍ਹਾਂ ਗਰਮੀਆਂ ’ਚ ਇਨ੍ਹਾਂ ਦੀ ਵਿਕਰੀ ਦੁੱਗਣੀ ਹੋ ਗਈ ਹੈ। ਟਾਟਾ ਸਮੂਹ ਦੇ ਖਪਤਕਾਰ ਇਲੈਕਟ੍ਰਾਨਿਕਸ ਉਤਪਾਦਾਂ ਦੀ ਰਿਟੇਲ ਵਿਕ੍ਰੇਤਾ ਕਰੋਮਾ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
‘ਅਨਬਾਕਸਡ ਸਮਰ- 2022’ ਰਿਪੋਰਟ ’ਚ ਦੱਸਿਆ ਗਿਆ ਕਿ 2021 ਦੀ ਤੁਲਨਾ ’ਚ ਇਸ ਵਾਰ ਰੈਫਰੀਜ੍ਰੇਟਰ ਦੀ ਵਿਕਰੀ ਸੌ ਫ਼ੀਸਦੀ ਤੋਂ ਜ਼ਿਆਦਾ ਵਧੀ ਹੈ, ਉੱਥੇ ਹੀ ਏ. ਸੀ. ਵੀ 3 ਗੁਣਾ ਜ਼ਿਆਦਾ ਵਿਕੇ ਹਨ। ਕੂਲਰ ਦੀ ਵਿਕਰੀ 2.5 ਗੁਣਾ ਜ਼ਿਆਦਾ ਰਹੀ ਤੇ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਵਿਕਰੀ ਪੁਣੇ ’ਚ ਹੋਈ। ਪੱਖਿਆਂ ਦੀ ਵਿਕਰੀ ਵੀ ਦੁੱਗਣੀ ਰਹੀ ਤੇ ਹਰ 5 ’ਚੋਂ 1 ਗਾਹਕ ਬੇਂਗਲੁਰੂ ਤੋਂ ਸੀ। ਰਿਪੋਰਟ ’ਚ ਦੱਸਿਆ ਗਿਆ ਕਿ ਮੁੰਬਈ , ਠਾਣੇ, ਪੁਣੇ ਤੇ ਕੋਲਕਾਤਾ ’ਚ ਵਿਕਣ ਵਾਲੇ ਜ਼ਿਆਦਾਤਰ ਏ. ਸੀ. ਇਕ ਟਨ ਦੇ ਸਨ । ਉੱਤਰ ਤੇ ਮੱਧ ਭਾਰਤ ’ਚ 1.5 ਟਨ ਦੇ ਏ. ਸੀ. ਜ਼ਿਆਦਾ ਖਰੀਦੇ ਗਏ ਤੇ ਇਸ ਸਮਰੱਥਾ ਦੇ ਏ. ਸੀ. ਦੀ ਗਿਣਤੀ ਕੁੱਲ ਵਿਕਰੀ ’ਚ 60 ਫੀਸਦੀ ਰਹੀ।