FPI ਨੇ ਨਵੰਬਰ ’ਚ ਹੁਣ ਤੱਕ ਭਾਰਤੀ ਸ਼ੇਅਰਾਂ ’ਚ 30,385 ਕਰੋੜ ਰੁਪਏ ਪਾਏ
Monday, Nov 21, 2022 - 11:37 AM (IST)
ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਹਮਲਾਵਰ ਲਿਵਾਲੀ ਦਾ ਸਿਲਸਿਲਾ ਜਾਰੀ ਹੈ। ਨਵੰਬਰ ’ਚ ਹੁਣ ਤੱਕ ਉਨ੍ਹਾਂ ਨੇ ਸ਼ੇਅਰਾਂ ’ਚ 30385 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਭਾਰਤੀ ਰੁਪਏ ਦੇ ਸਥਿਰ ਹੋਣ ਅਤੇ ਦੁਨੀਆ ਦੀਆਂ ਹੋਰ ਅਰਥਵਿਵਸਥਾਵਾਂ ਦੀ ਤੁਲਨਾ ’ਚ ਘਰੇਲੂ ਅਰਥਵਿਵਸਥਾ ਮਜ਼ਬੂਤ ਹੋਣ ਕਾਰਨ ਵਿਦੇਸ਼ੀ ਨਿਵੇਸ਼ਕ ਇਕ ਵਾਰ ਫਿਰ ਭਾਰਤ ’ਤੇ ਦਾਅ ਲਾ ਰਹੇ ਹਨ। ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇਕੁਮਾਰ ਨੇ ਕਿਹਾ ਕਿ ਅੱਗੇ ਚੱਲ ਕੇ ਐੱਫ. ਪੀ. ਆਈ. ਦਾ ਰੁਖ ਬਹੁਤ ਹਮਲਾਵਰ ਨਹੀਂ ਰਹੇਗਾ ਕਿਉਂਕਿ ਉੱਚੇ ਮੁਲਾਂਕਣ ਕਾਰਨ ਉਹ ਵੱਧ ਲਿਵਾਲੀ ਤੋਂ ਬਚਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਚੀਨ, ਦਖਣੀ ਕੋਰੀਆ ਅਤੇ ਤਾਈਵਾਨ ਦੇ ਬਾਜ਼ਾਰਾਂ ’ਚ ਮੁਲਾਂਕਣ ਕਾਫੀ ਆਕਰਸ਼ਕ ਹੈ ਅਤੇ ਐੱਫ. ਪੀ. ਆਈ. ਦਾ ਪੈਸਾ ਉਨ੍ਹਾਂ ਬਾਜ਼ਾਰਾਂ ਵੱਲ ਜਾ ਸਕਦਾ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ, ਇਕ ਤੋਂ 18 ਨਵੰਬਰ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ ’ਚ ਸ਼ੁੱਧ ਤੌਰ ’ਤੇ 30,385 ਕਰੋੜ ਰੁਪਏ ਪਾਏ ਹਨ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਾਵ ਅਕਤੂਬਰ ’ਚ ਉਨ੍ਹਾਂ ਨੇ ਭਾਰਤੀ ਬਾਜ਼ਾਰਾਂ ਤੋਂ ਸ਼ੁੱਧ ਤੌਰ ’ਤੇ 8 ਕਰੋੜ ਰੁਪਏ ਕੱਢੇ ਸਨ। ਸਤੰਬਰ ’ਚ ਉਨ੍ਹਾਂ ਨੇ 7624 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਸਤੰਬਰ ਤੋਂ ਪਹਿਲਾਂ ਅਗਸਤ ’ਚ ਐੱਫ. ਪੀ. ਆਈ. ਨੇ 51,200 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਸੀ। ਉਥੇ ਜੁਲਾਈ ’ਚ ਉਹ 5,000 ਕਰੋੜ ਰੁਪਏ ਦੇ ਲਿਵਾਲ ਰਹੇ ਸਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਤੋਂ ਲਗਾਤਾਰ 9 ਮਹੀਨਿਆਂ ਤੱਕ ਐੱਫ. ਪੀ. ਆਈ. ਬਿਕਵਾਲ ਬਣੇ ਰਹੇ ਸੀ।
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਸੋਧ ਿਹਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਨੇ ਹਾਲੀਆ ਨਿਵੇਸ਼ ਦਾ ਕਾਰਨ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ, ਅਰਥਵਿਵਸਥਾ ’ਚ ਸਥਿਰਤਾ ਅਤੇ ਹੋਰ ਕਰੰਸੀਆਂ ਦੀ ਤੁਲਨਾ ’ਚ ਰੁਪਏ ਦੀ ਸਥਿਤੀ ਬਿਹਤਰ ਰਹਿਣਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਮੋਰਚੇ ’ਤੇ ਗੱਲ ਕੀਤੀ ਜਾਵੇ ਤਾਂ ਅਮਰੀਕਾ ’ਚ ਮਹਿੰਗਾਈ ਅਨੁਮਾਨ ਤੋਂ ਘੱਟ ਵਧੀ ਹੈ, ਜਿਸ ਨਾਲ ਇਹ ਸੰਭਾਵਨਾ ਬਣੀ ਹੈ ਕਿ ਫੈੱਡਰਲ ਰਿਜ਼ਰਵ ਵਿਆਜ ਦਰਾਂ ’ਚ ਹਮਲਾਵਰ ਢੰਗ ਨਾਲ ਵਾਧਾ ਨਹੀਂ ਕਰੇਗਾ। ਇਸ ਨਾਲ ਧਾਰਨਾ ’ਚ ਸੁਧਾਰ ਹੋਇਆ ਹੈ ਅਤੇ ਭਾਰਤੀ ਬਾਜ਼ਾਰ ’ਚ ਐੱਫ. ਪੀ. ਆਈ. ਦਾ ਨਿਵੇਸ਼ ਵਧਿਆ ਹੈ। ਹਾਲਾਂਕਿ, ਸਮੀਖਿਆ ਅਧੀਨ ਮਿਆਦ ’ਚ ਐੱਫ. ਪੀ. ਆਈ. ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 422 ਕਰੋੜ ਰੁਪਏ ਕੱਢੇ ਹਨ। ਇਸ ਮਹੀਨੇ ’ਚ ਭਾਰਤ ਤੋਂ ਇਲਾਵਾ ਫਿਲੀਪੀਨ, ਦੱਖਣੀ ਕੋਰੀਆ, ਤਾਈਵਾਨ ਅਤੇ ਥਾਈਲੈਂਡ ਦੇ ਬਾਜ਼ਾਰਾਂ ’ਚ ਵੀ ਐੱਫ. ਪੀ. ਆਈ. ਦਾ ਪ੍ਰਵਾਹ ਹਾਂਪੱਖੀ ਰਿਹਾ ਹੈ।