ICICI ਬੈਂਕ ਦੀ ਸਾਬਕਾ MD ਤੇ ਸੀ. ਈ. ਓ. ਚੰਦਾ ਕੋਚਰ ਨੂੰ ਮਿਲੀ ਜ਼ਮਾਨਤ

Friday, Feb 12, 2021 - 02:10 PM (IST)

ICICI ਬੈਂਕ ਦੀ ਸਾਬਕਾ MD ਤੇ ਸੀ. ਈ. ਓ. ਚੰਦਾ ਕੋਚਰ ਨੂੰ ਮਿਲੀ ਜ਼ਮਾਨਤ

ਮੁੰਬਈ- ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ਨੇ ਸ਼ੁੱਕਰਵਾਰ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਐੱਮ. ਡੀ. ਅਤੇ ਸੀ. ਈ. ਓ. ਚੰਦਾ ਕੋਚਰ ਨੂੰ 5 ਲੱਖ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੋਚਰ ਨੂੰ ਬਿਨਾਂ ਮਨਜ਼ੂਰੀ ਦੇਸ਼ ਤੋਂ ਬਾਹਰ ਨਾ ਜਾਣ ਦਾ ਨਿਰਦੇਸ਼ ਦਿੱਤਾ ਹੈ।

ਕੋਚਰ ਆਈ. ਸੀ. ਆਈ. ਸੀ. ਬੈਂਕ-ਵੀਡੀਓਕਾਨ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਈ। ਕਾਲਾ ਧਨ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੀ ਵਿਸ਼ੇਸ਼ ਅਦਾਲਤ ਨੇ 30 ਜਨਵਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਚੰਦਾ ਕੋਚਰ, ਉਸ ਦੇ ਪਤੀ ਦੀਪਕ ਕੋਚਰ, ਵੀਡੀਓਕਾਨ ਸਮੂਹ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਅਤੇ ਹੋਰ ਮੁਲਜ਼ਮਾਂ ਨੂੰ ਤਲਬ ਕੀਤਾ ਸੀ। ਚੰਦਾ ਕੋਚਰ ਵਿਸ਼ੇਸ਼ ਜੱਜ ਏ. ਏ. ਨੰਦਗੋਆਂਕਰ ਸਾਹਮਣੇ ਪੇਸ਼ ਹੋਈ ਅਤੇ ਆਪਣੇ ਵਕੀਲ ਵਿਜੇ ਅਗਰਵਾਲ ਰਾਹੀਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ।

ਗੌਰਤਲਬ ਹੈ ਕਿ ਸੀ. ਬੀ. ਆਈ. ਵੱਲੋਂ ਚੰਦਾ-ਦੀਪਕ ਕੋਚਰ, ਧੂਤ ਅਤੇ ਹੋਰਾਂ ਵਿਰੁੱਧ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਅਧਾਰ 'ਤੇ ਈ. ਡੀ. ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਅਪਰਾਧਿਕ ਕੇਸ ਦਾਇਰ ਕਰਨ ਤੋਂ ਬਾਅਦ ਸਤੰਬਰ 2020 ਵਿਚ ਦੀਪਕ ਕੋਚਰ ਨੂੰ ਗ੍ਰਿਫਤਾਰ ਕਰ ਲਿਆ ਸੀ।

ਈ. ਡੀ. ਦਾ ਦੋਸ਼ ਹੈ ਕਿ ਚੰਦਾ ਕੋਚਰ ਦੀ ਅਗਵਾਈ ਵਾਲੀ ਆਈ. ਸੀ. ਆਈ. ਸੀ. ਆਈ. ਬੈਂਕ ਦੀ ਇਕ ਕਮੇਟੀ ਨੇ ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰਾਨਿਕਸ ਲਿਮਟਿਡ ਨੂੰ 300 ਕਰੋੜ ਰੁਪਏ ਦੇ ਕਰਜ਼ ਦੀ ਮਨਜ਼ੂਰੀ ਦਿੱਤੀ ਅਤੇ ਕਰਜ਼ ਜਾਰੀ ਕਰਨ ਦੇ ਅਗਲੇ ਦਿਨ ਵੀਡੀਓਕਾਨ ਇੰਡਸਟਰੀਜ਼ ਨੇ 8 ਸਤੰਬਰ 2009 64 ਕਰੋੜ ਰੁਪਏ ਨੂਪਵਰ ਰੀਨਿਊਏਬਲ ਪ੍ਰਾਈਵੇਟ ਲਿਮਟਡ (ਐੱਨ. ਆਰ. ਪੀ. ਐੱਲ.) ਨੂੰ ਟਰਾਂਸਫਰ ਕਰ ਦਿੱਤੇ। ਈ. ਡੀ. ਨੇ ਕਿਹਾ ਕਿ ਐੱਨ. ਆਰ. ਪੀ. ਐੱਲ. ਪਹਿਲਾਂ ਨੂਪਵਰ ਰੀਨਿਊਏਬਲ ਲਿਮਿਟਡ (ਐੱਨ. ਆਰ. ਐੱਲ.) ਵਜੋਂ ਜਾਣੀ ਜਾਂਦੀ ਸੀ ਅਤੇ ਦੀਪਕ ਕੋਚਰ ਇਸ ਦੇ ਮਾਲਕ ਹਨ।


author

Sanjeev

Content Editor

Related News