ਵਿਦੇਸ਼ੀ ਪਿਆਜ਼ ਭਾਰਤ ਨੂੰ ਨਹੀਂ ਆਇਆ ਰਾਸ! ਪਿਆ-ਪਿਆ ਸੜ ਗਿਆ 7,000 ਟਨ ਦਾ ਸਟਾਕ

01/30/2020 2:26:59 PM

ਨਵੀਂ ਦਿੱਲੀ  — ਮਹਿੰਗੇ ਪਿਆਜ਼ ਤੋਂ ਬਾਅਦ ਹੁਣ ਇਸ ਦੇ ਮੁੱਲ ਤੇਜ਼ੀ ਨਾਲ ਹੇਠਾਂ ਆਉਣੇ ਸ਼ੁਰੂ ਹੋ ਗਏ ਹਨ। ਜਿੱਥੇ ਇਕ ਪਾਸੇ ਆਮ ਆਦਮੀ ਨੂੰ ਇਸ ਤੋਂ ਰਾਹਤ ਮਿਲੀ ਤਾਂ ਉਥੇ ਹੀ ਦੂਜੇ ਪਾਸੇ ਵਿਦੇਸ਼ ਤੋਂ ਦਰਾਮਦ ਕੀਤਾ ਗਿਆ ਪਿਆਜ਼ ਸੜ ਰਿਹਾ ਹੈ। ਦਰਅਸਲ ਸਭ ਤੋਂ ਜ਼ਿਆਦਾ ਪਿਆਜ਼ ਪੈਦਾ ਕਰਨ ਵਾਲੇ ਰਾਜ ਮਹਾਰਾਸ਼ਟਰ ਦੀਆਂ ਥੋਕ ਮੰਡੀਆਂ ’ਚ ਪਿਛਲੇ ਕੁਝ ਦਿਨਾਂ ’ਚ ਇਸ ਦੇ ਮੁੱਲ ਤੇਜ਼ੀ ਨਾਲ ਡਿੱਗੇ ਹਨ, ਜਿਸ ਨਾਲ ਮੁੰਬਈ ਦੀ ਬੰਦਰਗਾਹ ’ਤੇ ਦਰਾਮਦ ਕੀਤਾ ਗਿਆ 7,000 ਟਨ ਪਿਆਜ਼ ਪਿਆ-ਪਿਆ ਸੜ ਗਿਆ ਹੈ।

ਖਬਰਾਂ ਦੀਆਂ ਮੰਨੀਏ ਤਾਂ ਇੰਪੋਰਟਰਸ ਦੀ ਸੁਸਤੀ ਵਿਚਕਾਰ ਜੇ. ਐੱਨ. ਪੀ. ਟੀ. ਪੋਰਟ ’ਤੇ ਇਕ ਮਹੀਨੇ ਤੋਂ 250 ਰੈਫਰੀਜਰੇਟਿਡ ਕੰਟੇਨਰਸ ’ਚ ਰੱਖਿਆ ਗਿਆ 7,000 ਟਨ ਪਿਆਜ਼ ਸੜ ਕੇ ਬਦਬੂ ਫੈਲਾਉਣ ਲੱਗਾ ਹੈ। ਇੰਪੋਰਟਿਡ ਪਿਆਜ਼ ਦੀ ਕੀਮਤ 45 ਰੁਪਏ ਕਿਲੋ ਦੇ ਹਿਸਾਬ ਨਾਲ ਹੈ, ਜਦੋਂਕਿ ਥੋਕ ਬਾਜ਼ਾਰ ’ਚ ਇਸ ਦੀ ਕੀਮਤ ਕਾਫੀ ਡਿੱਗ ਗਈ ਹੈ।

1 ਹਫਤੇ ’ਚ 40 ਫੀਸਦੀ ਡਿੱਗੀ ਕੀਮਤ

ਦੇਸ਼ ਦੀਆਂ ਥੋਕ ਮੰਡੀਆਂ ’ਚ ਮੰਗਲਵਾਰ ਨੂੰ ਲਗਾਤਾਰ 5ਵੇਂ ਦਿਨ ਪਿਆਜ਼ ਦੀਆਂ ਕੀਮਤਾਂ ’ਚ ਗਿਰਾਵਟ ਆਈ। ਇਕ ਹਫਤੇ ’ਚ ਕੀਮਤ 40 ਫੀਸਦੀ ਡਿੱਗ ਗਈਆਂ ਹਨ। ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ’ਚ ਸਥਿਤ ਲਾਸਲਗਾਂਵ ਮੰਡੀ ’ਚ ਮੰਗਲਵਾਰ ਨੂੰ ਪਿਆਜ਼ ਦੀ ਕੀਮਤ 24 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਹ 20 ਜਨਵਰੀ ਦੇ 40 ਰੁਪਏ ਪ੍ਰਤੀ ਕਿਲੋਗ੍ਰਾਮ ਰੇਟ ਦੇ ਹਿਸਾਬ ਨਾਲ ਕਰੀਬ 40 ਫੀਸਦੀ ਦੀ ਗਿਰਾਵਟ ਹੈ।

ਦੱਸ ਦੇਈਏ ਕਿ ਹਾਲ ਹੀ ’ਚ ਖਬਰ ਆਈ ਸੀ ਕਿ ਦਰਾਮਦ ਕੀਤੇ ਗਏ ਪਿਆਜ਼ ਦਾ ਸਵਾਦ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਇਸ ਲਈ ਸਰਕਾਰ ਇਸ ਨੂੰ ਜਲਦ ਤੋਂ ਜਲਦ ਦੇਸ਼ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਖਬਰ ਸੀ ਕਿ ਅਮਰੀਕਾ ਵਲੋਂ ਮਨ੍ਹਾ ਕਰਨ ਤੋਂ ਬਾਅਦ ਮੋਦੀ ਸਰਕਾਰ ਮਾਲਦੀਵ, ਨੇਪਾਲ ਅਤੇ ਸ਼੍ਰੀਲੰਕਾ ਵਰਗੇ ਹੋਰ ਦੇਸ਼ਾਂ ਤੋਂ ‘ਨੋ-ਪ੍ਰਾਫਿਟ ਨੋ-ਲਾਸ’ ਦੇ ਆਧਾਰ ’ਤੇ ਪਿਆਜ਼ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ।

89 ਫੀਸਦੀ ਪਿਆਜ਼ ਸੜਨ ਦੀ ਚਿੰਤਾ

ਕੁਝ ਦਿਨ ਪਹਿਲਾਂ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਸੂਬਿਆਂ ਨੂੰ 55 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਦੇ ਰਹੀ ਹੈ। ਸਰਕਾਰ ਨੇ ਹੁਣ ਤੱਕ ਵਿਦੇਸ਼ਾਂ ਤੋਂ 24,500 ਟਨ ਪਿਆਜ਼ ਮੰਗਵਾਇਆ ਹੈ, ਜਦੋਂਕਿ ਦਰਾਮਦ ਦੇ ਕੁਲ 40,000 ਟਨ ਦੇ ਸੌਦੇ ਹੋਏ ਹਨ ਪਰ ਸੂਬਿਆਂ ਨੇ ਸਿਰਫ 2,000 ਟਨ ਪਿਆਜ਼ ਹੀ ਚੁੱਕਿਆ ਹੈ, ਲਿਹਾਜ਼ਾ ਹੁਣ ਬਚੇ ਹੋਏ 89 ਫੀਸਦੀ ਪਿਆਜ਼ ਦੇ ਸੜਨ ਦੀ ਚਿੰਤਾ ਵਧ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਸੂਬਾ ਸਰਕਾਰਾਂ ਦਰਾਮਦੀ ਪਿਆਜ਼ ਲੈਣ ਤੋਂ ਮਨ੍ਹਾ ਕਰ ਰਹੀਆਂ ਹਨ।


Related News