2020 ਦੇ ਮੁਕਾਬਲੇ 2021 ’ਚ ਭਾਰਤ ’ਚ ਘਟਿਆ ਵਿਦੇਸ਼ੀ ਨਿਵੇਸ਼, ਯੂ. ਐੱਨ. ਦੀ ਰਿਪੋਰਟ ’ਚ ਖੁਲਾਸਾ

01/21/2022 10:11:17 AM

ਸੰਯੁਕਤ ਰਾਸ਼ਟਰ–ਸੰਯੁਕਤ ਰਾਸ਼ਟਰ ਦੀ ਕਾਰੋਬਾਰ ਸਬੰਧੀ ਸੰਸਥਾ ਨੇ ਕਿਹਾ ਕਿ 2021 ’ਚ ਭਾਰਤ ’ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 26 ਫੀਸਦੀ ਘੱਟ ਰਿਹਾ ਕਿਉਂਕਿ 2020 ’ਚ ਜੋ ਵੱਡੇ ਰਲੇਵੇਂ ਅਤੇ ਪ੍ਰਾਪਤੀ (ਐੱਮ. ਐਂਡ ਏ.) ਸੌਦੇ ਹੋਏ ਸਨ ਉਹ 2021 ’ਚ ਨਹੀਂ ਹੋਏ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਮੇਲਨ (ਯੂ. ਐੱਨ. ਸੀ. ਟੀ. ਏ. ਡੀ.) ਦੇ ਨਿਵੇਸ਼ ਰੁਝਾਨ ਮਾਨੀਟਰ ਨੇ ਬੁੱਧਵਾਰ ਨੂੰ ਕਿਹਾ ਕਿ 2021 ’ਚ ਕੌਮਾਂਤਰੀ ਸਿੱਧਾ ਵਿਦੇਸ਼ੀ ਨਿਵੇਸ਼ 77 ਫੀਸਦੀ ਵਧ ਕੇ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਵੀ ਵੱਧ ਅਨੁਮਾਨਿਤ 1650 ਅਰਬ ਡਾਲਰ ਤੱਕ ਪਹੁੰਚ ਗਿਆ ਜੋ 2020 ’ਚ 929 ਅਰਬ ਡਾਲਰ ਸੀ।
ਯੂ. ਐੱਨ. ਸੀ. ਟੀ. ਏ. ਡੀ. ਦੀ ਜਨਰਲ ਸਕੱਤਰ ਰੇਬੇਕਾ ਗ੍ਰਿਨਸਪਨ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ’ਚ ਨਿਵੇਸ਼ ਪ੍ਰਵਾਹ ਉਤਸ਼ਾਹਜਨਕ ਹੈ ਪਰ ਘੱਟੋ-ਘੱਟ ਵਿਕਸਿਤ ਦੇਸ਼ਾਂ ’ਚ ਉਦਯੋਗਾਂ ’ਚ ਨਵੇਂ ਨਿਵੇਸ਼ ’ਚ ਠਹਿਰਾਅ ਚਿੰਤਾ ਦਾ ਮੁੱਖ ਵਿਸ਼ਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਵਿਕਸਿਤ ਅਰਥਵਿਵਸਥਾਵਾਂ ’ਚ ਐੱਫ. ਡੀ. ਆਈ. ’ਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਆਇਆ ਹੈ ਅਤੇ ਇੱਥੇ ਐੱਫ. ਡੀ. ਆਈ. 2021 ’ਚ ਅਨੁਮਾਨਿਤ 777 ਅਰਬ ਡਾਲਰ ਪਹੁੰਚ ਗਿਆ ਜੋ 2020 ਦੇ ਮੁਕਾਬਲੇ ਤਿੰਨ ਗੁਣਾ ਹੈ। ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਐੱਫ. ਡੀ. ਆਈ. ਪ੍ਰਵਾਹ 30 ਫੀਸਦੀ ਦੇ ਵਾਧੇ ਨਾਲ ਕਰੀਬ 870 ਅਰਬ ਡਾਲਰ ਹੋ ਗਿਆ ਜਦ ਕਿ ਦੱਖਣੀ ਏਸ਼ੀਆ ’ਚ ਇਹ 24 ਫੀਸਦੀ ਡਿੱਗ ਕੇ 2021 ’ਚ 54 ਅਰਬ ਡਾਲਰ ਰਿਹਾ। ਅਮਰੀਕਾ ’ਚ ਐੱਫ. ਡੀ. ਆਈ. 114 ਫੀਸਦੀ ਵਾਧੇ ਨਾਲ 323 ਅਰਬ ਡਾਲਰ ਪਹੁੰਚ ਗਿਆ।
ਭਾਰਤ ’ਚ 2020 ’ਚ ਐੱਫ. ਡੀ. ਆਈ. 27 ਫੀਸਦੀ ਵਧ ਕੇ 64 ਅਰਬ ਡਾਲਰ ਸੀ ਜੋ 2019 ’ਚ 51 ਅਰਬ ਡਾਲਰ ਸੀ। ਰਿਪੋਰਟ ’ਚ ਕਿਹਾ ਗਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਭਾਰਤ ਦੀਆਂ ਆਰਥਿਕ ਸਰਗਰਮੀਆਂ ’ਤੇ ਬਹੁਤ ਅਸਰ ਰਿਹਾ ਅਤੇ ਅਪ੍ਰੈਲ 2021 ’ਚ ਦੂਜੀ ਲਹਿਰ ਕਾਰਨ ਭਾਰਤ ’ਚ ਗ੍ਰੀਨਫੀਲਡ ਯੋਜਨਾਵਾਂ 19 ਫੀਸਦੀ ਕਾਂਟ੍ਰੈਕਸ਼ਨ ਨਾਲ 24 ਅਰਬ ਡਾਲਰ ਹੋ ਗਈ। ਯੂ.ਐੱਨ. ਸੀ. ਟੀ. ਏ. ਡੀ. ’ਚ ਨਿਵੇਸ਼ ਅਤੇ ਉੱਦ ਡਾਇਰੈਕਟਰ ਜੇਮਸ ਝਾਨ ਨੇ ਕਿਹਾ ਕਿ ਨਿਰਮਾਣ ਅਤੇ ਕੌਮਾਂਤਰੀ ਮੁੱਲ ਚੇਨ (ਜੀ. ਵੀ. ਸੀ.) ਵਿਚ ਨਵੇਂ ਨਿਵੇਸ਼ ਦਾ ਪੱਧਰ ਘੱਟ ਰਿਹਾ ਕਿਉਂਕਿ ਦੁਨੀਆ ਸੰਸਾਰਿਕ ਮਹਾਮਾਰੀ ਨਾਲ ਜੂਝ ਰਹੀ ਸੀ ਅਤੇ ਇਸ ਦਾ ਦੂਜਾ ਕਾਰਨ ਸੀ ਭੂ-ਸਿਆਸੀ ਤਨਾਅ ਵਧਣਾ।


Aarti dhillon

Content Editor

Related News