ਇਕ ਮਹੀਨੇ ''ਚ ਦੁੱਗਣੀਆਂ ਹੋਈਆਂ ਜਹਾਜ਼ ਦੇ ਤੇਲ ਦੀਆਂ ਕੀਮਤਾਂ

07/01/2020 2:27:31 PM

ਨਵੀਂ ਦਿੱਲੀ (ਵਾਰਤਾ) : ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ ਜਹਾਜ਼ ਦੇ ਤੇਲ ਦੇ ਮੁੱਲ ਕਰੀਬ 8 ਫ਼ੀਸਦੀ ਤੱਕ ਵਧਾ ਦਿੱਤੇ ਹਨ। ਇਸ ਨਾਲ ਇਕ ਮਹੀਨੇ ਵਿਚ ਇਸ ਦਾ ਮੁੱਲ ਕਰੀਬ ਦੁੱਗਣਾ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਤੋਂ ਜਹਾਜ਼ ਦੇ ਤੇਲ ਦੀ ਕੀਮਤ 7.48 ਫ਼ੀਸਦੀ ਵੱਧ ਕੇ 41,992.81 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਇੱਥੇ ਇਸ ਦੀ ਕੀਮਤ 39,069.87 ਰੁਪਏ ਪ੍ਰਤੀ ਕਿਲੋਲੀਟਰ ਸੀ। ਜਹਾਜ਼ ਦੇ ਤੇਲ ਦੇ ਮੁੱਲ ਦੀ ਸਮੀਖਿਆ ਹਰ ਪੰਦਰਵਾੜੇ ਕੀਤੀ ਜਾਂਦੀ ਹੈ। ਪਿਛਲੀ 01 ਜੂਨ ਤੋਂ ਇਸ ਦੇ ਮੁੱਲ ਲਗਾਤਾਰ ਤੀਜੀ ਵਾਰ ਵਧਾਏ ਗਏ ਹਨ। ਇਸ ਦੌਰਾਨ ਮੁੰਬਈ ਵਿਚ ਇਸ ਦੀ ਕੀਮਤ 98.38 ਫ਼ੀਸਦੀ, ਚੇਨੱਈ ਵਿਚ 96.22 ਫ਼ੀਸਦੀ, ਦਿੱਲੀ ਵਿਚ 95.78 ਫ਼ੀਸਦੀ ਅਤੇ ਕੋਲਕਾਤਾ ਵਿਚ 76.14 ਫ਼ੀਸਦੀ ਵੱਧ ਚੁੱਕੀ ਹੈ। ਜਹਾਜ਼ ਸੇਵਾ ਕੰਪਨੀਆਂ ਦੇ ਕੁੱਲ ਖ਼ਰਚੇ ਦਾ 35 ਤੋਂ 40 ਫ਼ੀਸਦੀ ਤੇਲ 'ਤੇ ਖ਼ਰਚ ਹੁੰਦਾ ਹੈ। ਕੀਮਤਾਂ ਵਿਚ ਤੇਜ਼ ਵਾਧੇ ਨਾਲ ਉਨ੍ਹਾਂ 'ਤੇ ਵਿੱਤੀ ਦਬਾਅ ਵਧੇਗਾ।

ਏਅਰਲਾਇਨਜ਼ ਲੰਬੇ ਸਮੇਂ ਤੋਂ ਇਸ ਨੂੰ ਜੀ.ਐੱਸ.ਟੀ. ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕਰ ਰਹੀਆਂ ਹਨ। ਪੈਟਰੋਲ-ਡੀਜ਼ਲ ਦੇ ਨਾਲ ਜਹਾਜ਼ ਦੇ ਤੇਲ ਨੂੰ ਵੀ ਜੀ.ਐੱਸ.ਟੀ. ਵਿਚੋਂ ਬਾਹਰ ਰੱਖਿਆ ਗਿਆ ਹੈ। ਇਸ 'ਤੇ ਪੁਰਾਣੀ ਵਿਵਸਥਾ ਦੇ ਤਹਿਤ ਕੇਂਦਰ ਸਰਕਾਰ ਉਤਪਾਦ ਫੀਸ ਅਤੇ ਸੂਬਾ ਸਰਕਾਰਾਂ ਵੈਟ ਲਗਾਉਂਦੀਆਂ ਹਨ।  ਕੋਲਕਾਤਾ ਵਿਚ ਜਹਾਜ਼ ਦਾ ਤੇਲ ਅੱਜ ਤੋਂ 5.86 ਫ਼ੀਸਦੀ, ਮੁੰਬਈ ਵਿਚ 7.81 ਫ਼ੀਸਦੀ ਅਤੇ ਚੇਨੱਈ ਵਿਚ 7.69 ਫ਼ੀਸਦੀ ਮਹਿੰਗਾ ਹੋਇਆ ਹੈ।


cherry

Content Editor

Related News