ਵਿੱਤ ਮੰਤਰੀ 23 ਫਰਵਰੀ ਨੂੰ RBI ਬੋਰਡ ਨੂੰ ਕਰਨਗੇ ਸੰਬੋਧਨ

Wednesday, Feb 11, 2026 - 01:41 AM (IST)

ਵਿੱਤ ਮੰਤਰੀ 23 ਫਰਵਰੀ ਨੂੰ RBI ਬੋਰਡ ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 23 ਫਰਵਰੀ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਕੇਂਦਰੀ ਬੋਰਡ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਵਿੱਤੀ ਸਾਲ 2026-27 ਦੇ ਬਜਟ ਦੇ ਮੁੱਖ ਨੁਕਤਿਆਂ ਬਾਰੇ ਦੱਸਣਗੇ, ਜਿਨ੍ਹਾਂ ’ਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਤੇ ਸੈਰ-ਸਪਾਟੇ ਲਈ ਸਮਰਥਨ ਦੇ ਉਪਾਅ ਸ਼ਾਮਲ ਹਨ।

ਇਹ ਬੈਠਕ ਆਰ. ਬੀ. ਆਈ. ਵੱਲੋਂ ਵਿਸ਼ਵਵਿਆਪੀ ਬੇਯਕੀਨੀਆਂ ਦਰਮਿਆਨ ਮੁੱਖ ਨੀਤੀਗਤ ਦਰ (ਰੇਪੋ ਰੇਟ) ਨੂੰ 5.25 ਫੀਸਦੀ ’ਤੇ ਸਥਿਰ ਰੱਖਣ ਦੇ ਫੈਸਲੇ ਦੇ ਕੁਝ ਦਿਨਾਂ ਬਾਅਦ ਹੋਣ ਜਾ ਰਹੀ ਹੈ। ਬਜਟ ਤੋਂ ਬਾਅਦ ਵਿੱਤ ਮੰਤਰੀ ਦਾ ਆਰ. ਬੀ. ਆਈ. ਬੋਰਡ ਨੂੰ ਸੰਬੋਧਨ ਕਰਨਾ ਇਕ ਰਵਾਇਤ ਹੈ। ਲੋਕ ਸਭਾ ’ਚ 1 ਫਰਵਰੀ ਨੂੰ ਲਗਾਤਾਰ 9ਵਾਂ ਬਜਟ ਪੇਸ਼ ਕਰਦਿਆਂ ਸੀਤਾਰਾਮਨ ਨੇ ਕਿਹਾ ਸੀ, ‘‘ਜਦੋਂ ਤੋਂ ਅਸੀਂ 12 ਸਾਲ ਪਹਿਲਾਂ ਕਾਰਜਭਾਰ ਸੰਭਾਲਿਆ ਹੈ, ਭਾਰਤ ਦੀ ਆਰਥਿਕ ਤਰੱਕੀ ਸਥਿਰਤਾ, ਵਿੱਤੀ ਅਨੁਸ਼ਾਸਨ, ਨਿਰੰਤਰ ਵਾਧੇ ਤੇ ਦਰਮਿਆਨੀ ਮਹਿੰਗਾਈ ਦੀ ਗਵਾਹ ਰਹੀ ਹੈ।’’

ਸਰਕਾਰ ਨੇ ਕਰਜ਼ਾ-ਜੀ. ਡੀ. ਪੀ. ਅਨੁਪਾਤ ਨੂੰ ਮਾਰਚ, 2031 ਤੱਕ ਘਟਾ ਕੇ ਲੱਗਭਗ 50 ਫੀਸਦੀ ਕਰਨ ਦਾ ਇਕ ਨਵਾਂ ਖਰੜਾ ਐਲਾਨ ਕੀਤਾ ਹੈ, ਜਿਸ ਦੇ ਵਿੱਤੀ ਸਾਲ 2026-27 ’ਚ 55.6 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਬੈਠਕ ਦੌਰਾਨ ਵਿੱਤ ਮੰਤਰੀ ਦੇ ਨਾਲ ਵਿੱਤ ਰਾਜ ਮੰਤਰੀ ਪੰਕਜ ਚੌਧਰੀ, ਆਰਥਿਕ ਮਾਮਲਿਆਂ ਦੇ ਸਕੱਤਰ, ਮਾਲ ਸਕੱਤਰ, ਖਰਚ ਸਕੱਤਰ, ਵਿੱਤੀ ਸੇਵਾ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
 


author

Inder Prajapati

Content Editor

Related News