‘ਫਿੱਕੀ ਨੇ ਸਰਕਾਰ ਨੂੰ ਕੋਵਿਡ-19 ਤੋਂ ਪ੍ਰਭਾਵਿਤ ਸੈਰ-ਸਪਾਟਾ ਅਤੇ ਹੋਟਲ ਉਦਯੋਗ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ’
Thursday, Jun 24, 2021 - 11:40 AM (IST)

ਨਵੀ ਦਿੱਲੀ (ਭਾਸ਼ਾ) – ਦੇਸ਼ ਦੇ ਪ੍ਰਮੁੱਖ ਵਪਾਰ ਅਤੇ ਉਦਯੋਗ ਮੰਡਲ ਫਿੱਕੀ ਨੇ ਸਰਕਾਰ ਨੂੰ ਸੈਰ-ਸਪਾਟਾ, ਯਾਤਰਾ ਅਤੇ ਹੋਟਲ ਉਦਯੋਗ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਉਦਯੋਗ ਮੰਡਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਇਹ ਉਦਯੋਗ ਨਕਦੀ ਦੇ ਗੰਭੀਰ ਸੰਕਟ ’ਚੋਂ ਲੰਘ ਰਿਹਾ ਹੈ।
ਕੋਰੋਨਾ ਮਹਾਮਾਰੀ ਕਾਰਨ ਸੈਰ-ਸਪਾਟਾ ਅਤੇ ਹੋਟਲ ਉਦਯੋਗ ਪੂਰੀ ਤਰ੍ਹਾਂ ਠੱਪ ਪੈ ਗਿਆ ਹੈ। ਇਸ ਦੇ ਕਾਰਨ ਕਈ ਹੋਟਲ ਅਤੇ ਦੂਜੇ ਕਾਰੋਬਾਰ ਬੰਦ ਹੋ ਗਏ ਹਨ। ਜੋ ਲੋਕ ਆਪਣੀ ਰੋਜ਼ੀ-ਰੋਟੀ ਲਈ ਇਸ ਉਦਯੋਗ ’ਤੇ ਨਿਰਭਰ ਸਨ, ਉਨ੍ਹਾਂ ’ਚੋਂ ਕਈਆਂ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਗਿਆ ਹੈ।
ਉਦਯੋਗ ਮੰਡਲ ਨੇ ਇਕ ਬਿਆਨ ’ਚ ਕਿਹਾ ਿਕ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਹੈ। ਅਜਿਹੇ ’ਚ ਸਰਕਾਰ ਨੂੰ ਕਦਮ ਚੁੱਕੇ ਹੋਏ ਇਸ ਉਦਯੋਗ ਦੇ ਸਾਹਮਣੇ ਨਕਦੀ ਸੰਕਟ ਦੀ ਸਮੱਸਿਆ ਦਾ ਹੱਲ ਕਰਨ ਲਈ ਤੁਰੰਤ ਰਾਹਤ ਉਪਾਅ ਕਰਨੇ ਚਾਹੀਦੇ ਹਨ।
ਫਿੱਕੀ ਨੇ ਇਸ ਉਦਯੋਗ ਦੀ ਅਗਸਤ 2020 ਨੂੰ ਸਮਾਪਤ ਹੋਈ ਕਾਰਜਸ਼ੀਲ ਪੂੰਜੀ, ਮੂਲ ਰਾਸ਼ੀ, ਵਿਆਜ, ਕਰਜ਼ਾ ਅਤੇ ਓਵਰਡਰਾਫਟ ਦੀ ਵਸੂਲੀ ’ਤੇ ਸਟੇਅ ਨੂੰ ਇਕ ਸਾਲ ਵਧਾਉਣ ਦੀ ਮੰਗ ਕੀਤੀ ਹੈ। ਫਿੱਕੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹੋਟਲ ਉਦਯੋਗ ਨੂੰ ਉਸ ਦੇ ਕੰਮਕਾਜ ’ਚ ਆਮ ਸਥਿਤੀ ਆਉਣ ’ਚ ਘੱਟ ਤੋਂ ਘੱਟ ਚਾਰ ਤੋਂ ਪੰਜ ਸਾਲ ਦਾ ਸਮਾਂ ਲੱਗੇਗਾ। ਅਜਿਹੀ ਸਥਿਤੀ ਪੁਨਰਗਠਨ ਦੀ ਮਿਆਦ ਅਤੇ ਅਨੁਪਾਤ ’ਤੇ ਗੌਰ ਕਰਨ ਦੀ ਲੋੜ ਹੈ।