FDI ਨਾਲ ਰਿਟੇਲ ਸੈਕਟਰ ਦਾ ਹੋਵੇਗਾ ਵਿਕਾਸ : ਡੇਲਾਏ

02/22/2020 7:36:44 PM

ਨਵੀਂ ਦਿੱਲੀ (ਇੰਟ.)-ਕੌਮਾਂਤਰੀ ਮੈਨੇਜਮੈਂਟ ਕੰਸਲਟਿੰਗ ਕੰਪਨੀ ਡੇਲਾਏ ਨੇ ਕਿਹਾ ਕਿ ਮਲਟੀ ਬ੍ਰਾਂਡ ਰਿਟੇਲ ਸੈਕਟਰ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਵਧਣ ਨਾਲ ਦੇਸ਼ ’ਚ ਸੰਗਠਿਤ ਰਿਟੇਲ ਸੈਕਟਰ ਦਾ ਵਿਕਾਸ ਹੋਵੇਗਾ। ਇਸ ਦਾ ਦੂਜਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਦੇਸ਼ ’ਚ ਖਪਤ ਆਧਾਰਿਤ ਵਿਕਾਸ ਹੋਵੇਗਾ। ਕੰਪਨੀ ਨੇ ਆਪਣੀ ਤਾਜ਼ਾ ਰਿਪੋਰਟ ‘ਰਿਟੇਲ ਐੱਫ. ਡੀ. ਆਈ. ਇਨ ਇੰਡੀਆ’ ’ਚ ਇਹ ਗੱਲ ਕਹੀ। ਰਿਪੋਰਟ ਮੁਤਾਬਕ ਰਿਟੇਲ ਸੈਕਟਰ ਦਾ ਐੱਫ. ਡੀ. ਆਈ. ਰਾਹੀਂ ਵਿਕਾਸ ਹੋਣ ਨਾਲ ਦੇਸ਼ ’ਚ ਖਪਤ ਨੂੰ ਤਾਂ ਉਤਸ਼ਾਹ ਮਿਲੇਗਾ ਹੀ, ਨਾਲ ਹੀ ਛੋਟੀਆਂ-ਮੋਟੀਆਂ ਦੁਕਾਨਾਂ ਨੂੰ ਵੀ ਨਵੀਂ ਟੈਕਨਾਲੋਜੀ ਮਿਲੇਗੀ। ਇਸ ਨਾਲ ਰਿਟੇਲ ਸੈਕਟਰ ਦਾ ਹੋਰ ਵਿਕਾਸ ਹੋਵੇਗਾ। ਵੱਡੇ ਸ਼ਹਿਰਾਂ ’ਚ ਕਰੀਬ 70 ਫੀਸਦੀ ਅਤੇ ਟੀਅਰ-2 ਸ਼ਹਿਰਾਂ ’ਚ 37 ਫੀਸਦੀ ਕਰਿਆਨਾ ਦੁਕਾਨਾ ਨਵੀਂ ਟੈਕਨਾਲੋਜੀ ਅਪਣਾਉਣਾ ਚਾਹੁੰਦੀਆਂ ਹਨ।

ਰਿਟੇਲ ਐੱਫ. ਡੀ. ਆਈ. ’ਚ 98 ਫੀਸਦੀ ਦਾ ਵਾਧਾ
ਰਿਟੇਲ ਐੱਫ. ਡੀ. ਆਈ. 2018-19 ’ਚ ਸਾਲਾਨਾ ਆਧਾਰ ’ਤੇ 98 ਫੀਸਦੀ ਵਧਿਆ ਹੈ। ਇਸ ਸੈਕਟਰ ’ਚ 2017-18 ’ਚ 22.4 ਕਰੋਡ਼ ਡਾਲਰ ਦਾ ਵਿਦੇਸ਼ੀ ਨਿਵੇਸ਼ ਹੋਇਆ ਸੀ, ਜੋ 2018-19 ’ਚ ਵਧ ਕੇ 44.3 ਕਰੋਡ਼ ਡਾਲਰ ’ਤੇ ਪਹੁੰਚ ਗਿਆ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਰਿਟੇਲ ਬਾਜ਼ਾਰ ਬਣਨ ਦੇ ਕਰੀਬ ਪਹੁੰਚ ਚੁੱਕਾ ਹੈ। ਇਸ ਨਾਤੇ ਭਾਰਤ ਦਾ ਰਿਟੇਲ ਸੈਕਟਰ ਨਿਵੇਸ਼ ਦੇ ਲਿਹਾਜ਼ ਨਾਲ ਕਾਫੀ ਆਕਰਸ਼ਕ ਹੋ ਗਿਆ ਹੈ।

ਕਾਰੋਬਾਰੀ ਸਰਲਤਾ ਦੀ ਰੈਂਕਿੰਗ ਸੁਧਰਨ ਨਾਲ ਨਿਵੇਸ਼ਕਾਂ ’ਚ ਵਧਿਆ ਭਰੋਸਾ
ਡੇਲਾਏ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਰੈਗੂਲੇਟਰੀ ਕਦਮਾਂ ਅਤੇ ਬਿਹਤਰ ਨੀਤੀਆਂ ਦੇ ਜ਼ੋਰ ’ਤੇ ਭਾਰਤ ਵਿਸ਼ਵ ਬੈਂਕ ਦੇ ਕਾਰੋਬਾਰੀ ਸਰਲਤਾ ਸੂਚਕ ਅੰਕ ’ਚ 130 ਤੋਂ ਉਛਲ ਕੇ 63ਵੇਂ ਰੈਂਕ ’ਤੇ ਪਹੁੰਚ ਗਿਆ ਹੈ। ਇਸ ਨਾਲ ਨਿਵੇਸ਼ਕਾਂ ’ਚ ਭਾਰਤ ਨੂੰ ਲੈ ਕੇ ਭਰੋਸਾ ਵਧਿਆ ਹੈ। ਇਸ ਕਾਰਣ ਭਾਰਤ ਦੇ ਰਿਟੇਲ ਸੈਕਟਰ ’ਚ ਜ਼ਿਆਦਾ ਐੱਫ. ਡੀ. ਆਈ. ਆ ਰਿਹਾ ਹੈ। ਰਿਪੋਰਟ ਮੁਤਾਬਕ ਕਈ ਕਾਰਣਾਂ ਨਾਲ ਰਿਟੇਲ ਸੈਕਟਰ ’ਚ ਐੱਫ. ਡੀ. ਆਈ. ਵਧਿਆ ਹੈ। ਇਨ੍ਹਾਂ ’ਚ ਨਵੀਂ ਪ੍ਰਤੱਖ ਕਰ ਵਿਵਸਥਾ, ਸਥਾਨਕ ਖਰੀਦਦਾਰੀ ਦੇ ਨਿਯਮ, ਜੀ. ਐੱਸ. ਟੀ. ਦਾ ਸਮੇਂ ’ਤੇ ਹੋਰ ਪ੍ਰਭਾਵੀ ਲਾਗੂਕਰਨ ਅਤੇ ਰਿਟੇਲ ਸੈਕਟਰ ’ਚ ਐੱਫ. ਡੀ. ਆਈ. ਨਿਯਮਾਂ ’ਚ ਬਦਲਾਅ ਵੀ ਸ਼ਾਮਲ ਹਨ।


Karan Kumar

Content Editor

Related News