FCI ਨੇ ਈ-ਨਿਲਾਮੀ ਰਾਹੀਂ 3.85 ਲੱਖ ਟਨ ਕਣਕ ਵੇਚੀ

Friday, Feb 17, 2023 - 10:43 AM (IST)

ਨਵੀਂ ਦਿੱਲੀ- ਕਣਕ ਦੀ ਘਰੇਲੂ ਸਪਲਾਈ ਵਧਾਉਣ ਅਤੇ ਕਣਕ ਅਤੇ ਆਟੇ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੇ ਤਹਿਤ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਨੇ ਈ-ਨਿਲਾਮੀ ਦੇ ਦੂਜੇ ਦੌਰ ’ਚ ਥੋਕ ਖਪਤਕਾਰਾਂ ਨੂੰ ਖੁੱਲ੍ਹੀ ਬਾਜ਼ਾਰ ਵਿਕਰੀ ਯੋਜਨਾ ਦੇ ਜ਼ਰੀਏ 3.85 ਲੱਖ ਟਨ ਕਣਕ ਵੇਚੀ ਹੈ। ਦੇਸ਼ ’ਚ ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਐੱਫ. ਸੀ. ਆਈ. ਕਣਕ ਦੀ ਈ-ਨਿਲਾਮੀ ਦੀ ਪੇਸ਼ਕਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ-ਕਣਕ ਦੀ ਬਰਾਮਦ 'ਤੇ ਪਾਬੰਦੀ ਜਾਰੀ ਰੱਖ ਸਕਦੀ ਹੈ ਸਰਕਾਰ
ਪਿਛਲੇ ਮਹੀਨੇ ਸਰਕਾਰ ਨੇ ਖੁੱਲ੍ਹੀ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਤਹਿਤ ਆਪਣੇ ਬਫਰ ਸਟਾਕ ’ਚੋਂ 30 ਲੱਖ ਟਨ ਕਣਕ ਵੇਚਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ 30 ਲੱਖ ਟਨ ’ਚੋਂ ਭਾਰਤੀ ਖੁਰਾਕ ਨਿਗਮ ਈ-ਨਿਲਾਮੀ ਦੇ ਮਾਧਿਅਮ ਰਾਹੀਂ ਆਟਾ ਚੱਕੀ ਵਰਗੇ ਥੋਕ ਖਪਤਕਾਰਾਂ ਨੂੰ 25 ਲੱਖ ਟਨ ਵੇਚੇਗਾ ਅਤੇ 2 ਲੱਖ ਟਨ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਜਾਵੇਗਾ।ਕਣਕ ਨੂੰ ਆਟੇ ’ਚ ਬਦਲਣ ਲਈ ਸੰਸਥਾਨਾਂ ਅਤੇ ਸੂਬੇ ਦੇ ਜਨਤਕ ਅਦਾਰਿਆਂ ਨੂੰ 3 ਲੱਖ ਟਨ ਤੱਕ ਕਣਕ ਰਿਆਇਤੀ ਦਰ ’ਤੇ ਉਪਲੱਬਧ ਕਰਵਾਈ ਜਾ ਰਹੀ ਹੈ। ਦੂਜੀ ਈ-ਨਿਲਾਮੀ ’ਚ ਐੱਫ. ਸੀ. ਆਈ. ਨੇ 901 ਕਰੋੜ ਰੁਪਏ ਜੁਟਾਏ।

ਇਹ ਵੀ ਪੜ੍ਹੋ-Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼
1,060 ਤੋਂ ਜ਼ਿਆਦਾ ਬੋਲੀਦਾਤਿਆਂ ਨੇ ਲਿਆ ਭਾਗ
ਇਕ ਸਰਕਾਰੀ ਬਿਆਨ ’ਚ ਕਿਹਾ ਗਿਆ, ‘‘15 ਫਰਵਰੀ ਨੂੰ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵੱਲੋਂ ਆਯੋਜਿਤ ਦੂਜੀ ਈ-ਨਿਲਾਮੀ ਦੌਰਾਨ 1,060 ਤੋਂ ਜ਼ਿਆਦਾ ਬੋਲੀਦਾਤਿਆਂ ਨੇ ਭਾਗ ਲਿਆ ਅਤੇ 3.85 ਲੱਖ ਟਨ ਕਣਕ ਵੇਚੀ ਗਈ।’’ਅਨਾਜ ਦੀ ਖਰੀਦ ਅਤੇ ਵੰਡ ਲਈ ਸਰਕਾਰ ਦੀ ਨੋਡਲ ਏਜੰਸੀ ਐੱਫ. ਸੀ. ਆਈ. ਨੇ ਨਿਲਾਮੀ ਦੌਰਾਨ 15.25 ਲੱਖ ਟਨ ਕਣਕ ਦੇ ਸਟਾਕ ਦੀ ਪੇਸ਼ਕਸ਼ ਕੀਤੀ ਸੀ। ਦੂਜੀ ਈ-ਨਿਲਾਮੀ ’ਚ 100 ਤੋਂ 499 ਟਨ ਤੱਕ ਦੀ ਮਾਤਰਾ ’ਚ ਵੱਧ ਤੋਂ ਵੱਧ ਮੰਗ ਸੀ। ਇਸ ਤੋਂ ਬਾਅਦ 500-1,000 ਟਨ ਅਤੇ 50-100 ਟਨ ਦੀ ਮੰਗ ਸੀ। ਇਸ ਤੋਂ ਪਤਾ ਲੱਗਦਾ ਹੈ ਛੋਟੀਆਂ ਅਤੇ ਦਰਮਿਆਨੀਆਂ ਆਟਾ ਮਿੱਲਾਂ ਅਤੇ ਵਪਾਰੀਆਂ ਨੇ ਨਿਲਾਮੀ ’ਚ ਸਰਗਰਮ ਰੂਪ ’ਚ ਭਾਗ ਲਿਆ।

ਇਹ ਵੀ ਪੜ੍ਹੋ-ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ

ਸਿਰਫ 5 ਬੋਲੀਆਂ ਮਿਲੀਆਂ
ਬਿਆਨ ’ਚ ਕਿਹਾ ਗਿਆ ਹੈ, ‘‘ਇਕ ਵਾਰ ’ਚ 3,000 ਟਨ ਦੀ ਵੱਧ ਤੋਂ ਵੱਧ ਮਾਤਰਾ ਲਈ ਸਿਰਫ 5 ਬੋਲੀਆਂ ਮਿਲੀਆਂ। ਨਿਲਾਮੀ ’ਚ ਐੱਫ. ਸੀ. ਆਈ. ਵੱਲੋਂ ਵਜ਼ਨ ਔਸਤ ਦਰ 2,338.01 ਰੁਪਏ ਪ੍ਰਤੀ ਕੁਇੰਟਲ ਵਸੂਲ ਕੀਤੀ ਗਈ। ਈ-ਨਿਲਾਮੀ ਦੇ ਪਹਿਲੇ ਦੌਰ ’ਚ ਐੱਫ. ਸੀ. ਆਈ. ਨੇ 9.2 ਲੱਖ ਟਨ ਕਣਕ ਵੇਚੀ ਸੀ।
ਈ-ਨਿਲਾਮੀ ਦੇ ਮਾਧਿਅਮ ਨਾਲ ਕਣਕ ਦੀ ਵਿਕਰੀ ਮਾਰਚ, 2023 ਦੇ ਦੂਜੇ ਹਫ਼ਤੇ ਤੱਕ ਹਰ ਬੁੱਧਵਾਰ ਨੂੰ ਪੂਰੇ ਦੇਸ਼ ’ਚ ਜਾਰੀ ਰਹੇਗੀ। ਬੁੱਧਵਾਰ ਨੂੰ ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਸੀ ਕਿ ਕੇਂਦਰ ਵੱਲੋਂ ਖੁੱਲ੍ਹੇ ਬਾਜ਼ਾਰ ’ਚ 30 ਲੱਖ ਟਨ ਅਨਾਜ ਵੇਚਣ ਦੇ ਫੈਸਲੇ ਦੇ ਬਾਅਦ ਤੋਂ ਥੋਕ ਅਤੇ ਪ੍ਰਚੂਨ ਬਾਜ਼ਾਰਾਂ ’ਚ ਕਣਕ ਦੀਆਂ ਕੀਮਤਾਂ ’ਚ ਲਗਭਗ 5 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਕਮੀ ਆਈ ਹੈ। ਜੇਕਰ ਕੀਮਤ ਨੂੰ ਹੋਰ ਘੱਟ ਕਰਨ ਦੀ ਲੋੜ ਹੋਈ ਤਾਂ ਹੋਰ ਵੀ ਅਜਿਹੇ ਕਦਮ ਚੁੱਕੇ ਜਾ ਸਕਦੇ ਹਨ।

ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News